ਸਮਰਾਲਾ 'ਚ ਸਨਸਨੀਖੇਜ਼ ਵਾਰਦਾਤ, ਨਸ਼ੇੜੀ ਨੇ ਕੁਹਾੜੀ ਨਾਲ ਵੱਢੀ ਪਤਨੀ ਤੇ ਨਾਬਾਲਗ ਪੁੱਤ

Thursday, Apr 06, 2023 - 10:28 AM (IST)

ਸਮਰਾਲਾ 'ਚ ਸਨਸਨੀਖੇਜ਼ ਵਾਰਦਾਤ, ਨਸ਼ੇੜੀ ਨੇ ਕੁਹਾੜੀ ਨਾਲ ਵੱਢੀ ਪਤਨੀ ਤੇ ਨਾਬਾਲਗ ਪੁੱਤ

ਸਮਰਾਲਾ (ਸੰਜੇ ਗਰਗ) : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਕੋਟਾਲਾ ਵਿਖੇ ਵਾਪਰੀ ਅੱਜ ਇੱਕ ਖੌਫ਼ਨਾਕ ਘਟਨਾ ਵਿਚ ਇੱਕ ਨਸ਼ੇੜੀ ਵਿਅਕਤੀ ਵੱਲੋਂ ਪਤਨੀ ਅਤੇ 17 ਸਾਲਾ ਪੁੱਤ ਨੂੰ ਤੇਜ਼ਧਾਰ ਕੁਹਾੜੀ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਘਟਨਾ ਇੰਨੀ ਦਿਲ ਕੰਬਾਊ ਸੀ ਕਿ ਖੇਤਾਂ ਵਿਚ ਤੜਫ਼ ਰਹੇ ਮਾਂ-ਪੁੱਤ ਦੀ ਹਾਲਤ ਨੂੰ ਵੇਖਦਿਆਂ ਕਿਸੇ ਪਿੰਡ ਵਾਸੀ ਦੀ ਉਨ੍ਹਾਂ ਦੇ ਨੇੜੇ ਜਾਣ ਦੀ ਹਿੰਮਤ ਵੀ ਨਹੀਂ ਪਈ। ਕੁਝ ਦੇਰ ਵਿਚ ਹੀ ਰਿਸ਼ਤੇਦਾਰਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਬੇਹੱਦ ਗੰਭੀਰ ਹੋਣ ’ਤੇ ਡਾਕਟਰਾਂ ਨੇ ਮਾਂ-ਪੁੱਤ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ ਹੈ। ਘਟਨਾ ਤੋਂ ਬਾਅਦ ਦੋਸ਼ੀ ਆਪਣੇ 14 ਸਾਲ ਦੇ ਨਾਬਾਲਗ ਪੁੱਤ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ- ਖ਼ਰਾਬ ਫ਼ਸਲ ਨੂੰ ਲੈ ਕੇ ਐਕਸ਼ਨ 'ਚ CM ਮਾਨ, ਮਾਲ ਤੇ ਖੇਤੀਬਾੜੀ ਵਿਭਾਗ ਦੀ ਸੱਦੀ ਮੀਟਿੰਗ

ਜਾਣਕਾਰੀ ਅਨੁਸਾਰ ਕਾਰਪੇਂਟਰ ਦਾ ਕੰਮ ਕਰਦਾ ਦੋਸ਼ੀ ਹਰਿੰਦਰ ਸਿੰਘ (40) ਕਥਿਤ ਤੌਰ ’ਤੇ ਨਸ਼ਾ ਕਰਨ ਦਾ ਆਦੀ ਹੈ, ਜਿਸ ਨੇ ਅੱਜ ਤੜਕੇ ਆਪਣੀ ਪਤਨੀ ਜਸਵਿੰਦਰ ਕੌਰ (37) ਅਤੇ 16 ਸਾਲ ਦੇ ਪੁੱਤਰ ਲਵਪ੍ਰੀਤ ਸਿੰਘ ਨੂੰ ਘਰ ਦੇ ਨੇੜੇ ਹੀ ਖੇਤਾਂ ਵਿਚ ਲਿਜਾ ਕੇ ਤੇਜ਼ਧਾਰ ਕੁਹਾੜੀ ਨਾਲ ਵੱਡ ਦਿੱਤਾ। ਦਰਦਿੰਗੀ ਦੀਆਂ ਹੱਦਾ ਪਾਰ ਕਰ ਚੁੱਕੇ ਹਰਿੰਦਰ ਸਿੰਘ ਨੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੁਹਾੜੀ ਨਾਲ ਆਪਣੀ ਪਤਨੀ ਅਤੇ ਮਾਸੂਮ ਪੁੱਤਰ ’ਤੇ ਕੀਤੇ ਤੇ ਸਰੀਰ ਦਾ ਹਰ ਹਿੱਸਾ ਵੱਡ ਸੁੱਟਿਆ। ਘਟਨਾ ਦਾ ਪਤਾ ਲੱਗਦੇ ਹੀ ਜਸਵਿੰਦਰ ਕੌਰ ਦੇ ਪੇਕੇ ਪਰਿਵਾਰ ਨੇ ਮੌਕੇ ’ਤੇ ਪਹੁੰਚ ਕੇ ਦੋਹੇ ਮਾਂ-ਪੁੱਤ ਨੂੰ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਵਿਖੇ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਦੋਵਾਂ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਦੋਵੇਂ ਦੇ ਸਿਰ ਦੀ ਹੱਡੀ ਤੱਕ ਡੂੰਘੇ ਜ਼ਖ਼ਮ ਹਨ, ਇਸ ਲਈ ਇਨ੍ਹਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਰਾਜਾਸਾਂਸੀ 'ਚ ਪੈਸਿਆਂ ਦੇ ਲਾਲਚ 'ਚ ਬਜ਼ੁਰਗ ਦਾ ਕਤਲ, ਕਬਰ 'ਚੋਂ ਕੱਢੀ ਗਈ ਲਾਸ਼

ਜ਼ਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਹੀ ਜਸਵਿੰਦਰ ਕੌਰ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਨਸ਼ੇੜੀ ਕਿਸਮ ਦਾ ਵਿਅਕਤੀ ਹੈ ਅਤੇ ਉਹ ਪਹਿਲਾ ਵੀ ਕਈ ਵਾਰ ਝਗੜੇ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਅਤੇ ਭਾਣਜੇ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਜੀਜਾ ਘਟਨਾ ਤੋਂ ਫ਼ਰਾਰ ਹੋਣ ਵੇਲੇ ਆਪਣੇ 14 ਸਾਲਾ ਛੋਟੇ ਪੁੱਤਰ ਨੂੰ ਵੀ ਜ਼ਬਰਦਸਤੀ ਨਾਲ ਲੈ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਭਾਣਜਾ 12ਵੀਂ ਦੇ ਪੇਪਰ ਦੇ ਰਿਹਾ ਸੀ ਅਤੇ ਉਸ ਭੈਣ ਅਤੇ ਭਾਣਜੇ ਆਪਦੇ ਪਿਓ ਦੀ ਹੈਵਾਨੀਅਤ ਤੋਂ ਡਰਦੇ ਹੋਏ ਬੜੇ ਹੀ ਸਹਿਮ ਵਿਚ ਜ਼ਿੰਦਗੀ ਕੱਟ ਰਹੇ ਸਨ। ਘਟਨਾ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਹੈ ਅਤੇ ਭਗੌੜੇ ਹੋਏ ਹਰਿੰਦਰ ਸਿੰਘ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਛੋਟੇ ਬੱਚੇ ਨੂੰ ਸਹੀ-ਸਲਾਮਤ ਉਸ ਕੋਲੋਂ ਬਚਾਇਆ ਜਾ ਸਕੇ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News