ਨਸ਼ੇ ਵਾਲੀਆਂ ਗੋਲੀਆਂ ਦੀ ਸਪਲਾਈ ਦੇਣ ਜਾ ਰਹੇ 2 ਕਾਬੂ

Friday, Jun 22, 2018 - 06:56 AM (IST)

ਨਸ਼ੇ ਵਾਲੀਆਂ ਗੋਲੀਆਂ ਦੀ ਸਪਲਾਈ ਦੇਣ ਜਾ ਰਹੇ 2 ਕਾਬੂ

ਜਲੰਧਰ, (ਰਮਨ, ਮਾਹੀ)- ਨਸ਼ੇ ਵਾਲੀਆਂ ਗੋਲੀਆਂ ਦੀ ਸਪਲਾਈ ਦੇਣ ਜਾ ਰਹੇ 2 ਵਿਅਕਤੀਆਂ ਨੂੰ ਥਾਣਾ ਮਕਸੂਦਾਂ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ 200 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। 
ਪੁਲਸ ਨੇ ਦੋਵਾਂ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਹਨ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਬੜਾ ਪਿੰਡ ਕਰਤਾਰਪੁਰ, ਅਜੇ ਢੱਲ ਪੁੱਤਰ ਬਲਦੇਵ ਰਾਜ ਵਾਸੀ ਭੁਲੱਥ ਵਜੋਂ ਹੋਈ ਹੈ। 
ਥਾਣਾ ਮਕਸੂਦਾਂ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਘੂਨਾਥ ਪੁਲਸ ਪਾਰਟੀ ਦੇ ਨਾਲ ਲਿੱਧੜਾਂ ਵਿਖੇ ਨਾਕਾਬੰਦੀ ਦੌਰਾਨ ਚੈਕਿੰਗ ਕਰ ਰਹੇ ਸਨ। ਇਸ ਦੌਰਾਨ 22 ਸਾਲਾ ਇਕ ਨੌਜਵਾਨ ਪੈਦਲ ਆ ਰਿਹਾ ਸੀ ਜੋ ਪੁਲਸ ਪਾਰਟੀ ਵੇਖ ਕੇ ਘਬਰਾ ਗਿਆ ਤੇ ਪਿੱਛੇ ਜਾਣ ਲੱਗਾ। ਸ਼ੱਕ ਦੇ ਆਧਾਰ 'ਤੇ ਉਸਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਜੇਬ ਵਿਚ 100 ਗੋਲੀਆਂ ਨਸ਼ੇ ਵਾਲੀਆਂ ਬਰਾਮਦ ਹੋਈਆਂ। ਫੜੇ ਗਏ ਨੌਜਵਾਨ ਗੁਰਪ੍ਰੀਤ ਵਾਸੀ ਕਰਤਾਰਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਇਸੇ ਤਰ੍ਹਾਂ ਸਬ ਇੰਸਪੈਕਟਰ ਸੀਮਾ ਨੇ ਪੁਲਸ ਪਾਰਟੀ ਸਣੇ ਨੁੱਸੀ ਤੋਂ ਬਿਧੀਪੁਰ ਪਿੰਡ ਵੱਲ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਅਜੇ ਢੱਲ ਜੋ ਪੈਦਲ ਬਿਧੀਪੁਰ ਵੱਲ ਆ ਰਿਹਾ ਸੀ, ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ 10 ਪੱਤੇ (100 ਗੋਲੀਆਂ) ਨਸ਼ੇ ਵਾਲੀਆਂ ਬਰਾਮਦ ਹੋਈਆਂ। ਪੁਲਸ ਨੇ ਉਸਦੇ ਖਿਲਾਫ ਐੈੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵਾਂ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਨਸ਼ੇ ਵਾਲੀਆਂ ਗੋਲੀਆਂ ਕਿਸ ਕੋਲੋਂ ਖਰੀਦਦੇ ਸਨ ਤੇ ਕਿਸ ਨੂੰ ਵੇਚਣ ਜਾ ਰਹੇ ਸਨ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Related News