ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਸਰਹੱਦ ''ਤੇ ਸੁਰੱਖਿਆ ਪ੍ਰਬੰਧ ਕੀਤੇ ਸਖਤ

01/24/2020 5:56:39 PM

ਦੋਰਾਂਗਲਾ (ਨੰਦਾ) : ਅਮਨ-ਅਮਾਨ ਨੂੰ ਬਹਾਲ ਰੱਖਣ ਲਈ ਪੁਲਸ ਪ੍ਰਸ਼ਾਸਨ ਵਲੋਂ ਐੱਸ. ਐੱਸ. ਪੀ. ਸਵਰਨਦੀਪ ਸਿੰਘ ਦੀ ਅਗਵਾਈ ਹੇਠ ਸੁਰੱÎਖਿਆ ਵਿਵਸਥਾ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ ਅਤੇ ਜਗ੍ਹਾ-ਜਗ੍ਹਾ 'ਤੇ ਪੁਲਸ ਫੋਰਸ ਤਾਇਨਾਤ ਕਰ ਕੇ ਬਾਰਡਰ 'ਤੇ ਚੱਲ ਰਹੀਆਂ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਖੇਤਰ ਦੀ ਅਮਨ-ਸ਼ਾਂਤੀ ਨੂੰ ਬਹਾਲ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਕਈ ਸ਼ੱਕੀ ਨਾਕਿਆਂ 'ਤੇ ਪੁਲਸ ਦੀ ਨਫਰੀ ਵਧਾ ਦਿੱਤੀ ਗਈ ਹੈ ਅਤੇ ਹਰ ਆਉਣ-ਜਾਣ ਵਾਲੇ ਵਾਹਨ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਉਸ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਸੁਰੱਖਿਆ ਦੀ ਦੇਖਣੀ ਨਾਲ ਬਾਰਡਰ ਤੇ ਸਥਿਤ ਗੁੱਜਰਾਂ ਦੇ ਡੇਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਕੰਮ 'ਚ ਸੁਰੱਖਿਆ ਵਿਵਸਥਾ ਵਿਚ ਕਿਸੇ ਵੀ ਤਰ੍ਹਾਂ ਦੀ ਚੂਕ ਨਾ ਹੋਵੇ ਇਸ ਲਈ ਪੁਲਸ ਡਾਗ ਸਕੁਐਡ ਆਦਿ ਟੀਮਾਂ ਦੀ ਵਿਸ਼ੇਸ਼ ਤੌਰ 'ਤੇ ਮਦਦ ਲਈ ਜਾ ਰਹੀ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਗੁਰਦਾਸਪੁਰ ਬਾਰਡਰ ਦੇ ਰਸਤਿਆਂ ਤੋਂ ਗੁਰਦਾਸਪੁਰ ਨੂੰ ਜਾਣ ਵਾਲੀਆਂ ਸੜਕਾਂ 'ਤੇ ਵਿਸ਼ੇਸ਼ ਨਾਕੇ ਲਗਾ ਕੇ ਚੈਕਿੰਗ ਅਭਿਆਨ ਜਾਰੀ ਹੈ।

ਬਾਰਡਰ 'ਤੇ ਸਥਿਤ ਕਈ ਮਹੱਤਵਪੂਰਨ ਨਾਕਿਆਂ ਨੂੰ ਸੁਰੱਖਿਆ ਦੀ ਨਜ਼ਰ ਨਾਲ ਸੀਲ ਕਰ ਦਿੱਤਾ ਗਿਆ ਹੈ ਅਤੇ ਉਥੋਂ ਲੰਘਣ ਵਾਲੇ ਵਾਹਨਾਂ ਦੀ ਤਲਾਸ਼ੀ ਦੇ ਨਾਲ-ਨਾਲ ਉਨ੍ਹਾਂ ਦੇ ਵਾਹਨਾਂ ਦੇ ਲੋੜੀਂਦੇ ਦਸਤਾਵੇਜ਼ਾਂ ਨੂੰ ਦੇਖਣ ਉਪਰੰਤ ਉਨ੍ਹਾਂ ਦੇ ਆਧਾਰ ਕਾਰਡ ਵੀ ਦੇਖੇ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਸਾਰੇ ਆਉਣ-ਜਾਣ ਵਾਲੇ ਲੋਕਾਂ ਨੂੰ ਸਖ਼ਤ ਹਦਾਇਤ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਵਾਹਨਾਂ ਦੇ ਦਸਤਾਵੇਜ਼ਾਂ ਦੇ ਨਾਲ ਆਪਣੇ ਪਛਾਣ ਪੱਤਰ ਵੀ ਨਾਲ ਰੱਖਣ ਤਾਂ ਜੋ ਉਨ੍ਹਾਂ ਨੂੰ ਆਉਣ-ਜਾਣ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਏ।

ਇਥੇ ਹੀ ਬਸ ਨਹੀਂ ਸਗੋਂ ਬਾਰਡਰ ਤੇ ਵਿਆਹ-ਸ਼ਾਦੀਆਂ ਵਿਚ ਡਰੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇਹ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਉਹ ਡਰੋਨ ਦਾ ਪ੍ਰਯੋਗ ਨਾ ਕਰਨ। ਨਾਕਿਆਂ 'ਤੇ ਤਾਇਨਾਤ ਪੁਲਸ ਜਵਾਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਕੇ ਬਾਰਡਰ 'ਤੇ ਹੋਣ ਵਾਲੀ ਹਲਚਲ 'ਤੇ ਨਜ਼ਰ ਰੱਖ ਰਹੇ ਹਨ ਅਤੇ ਪੁਲਸ ਕਿਸੇ ਵੀ ਅਣਹੋਣੀ ਘਟਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਚੌਕਸ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਪੁਲਸ ਦੀ ਜਨਤਾ ਨੂੰ ਸਲਾਹ ਹੈ ਕਿ ਸਾਰੇ ਹੋਟਲ ਅਤੇ ਰੈਸਟੋਰੈਂਟ ਮਾਲਕ ਆਪਣੇ ਉਥੇ ਠਹਿਰਣ ਵਾਲੇ ਹਰ ਵਿਅਕਤੀ ਦੇ ਪਛਾਣ ਪੱਤਰ ਜ਼ਰੂਰੀ ਲੈਣ ਤਾਂ ਜੋ ਸ਼ੱਕ ਹੋਣ 'ਤੇ ਪੁਲਸ ਨੂੰ ਸੂਚਿਤ ਕਰਨ।

ਬਾਰਡਰ ਅਤੇ ਰਾਵੀ ਦਰਿਆ ਨਾਲ ਲਗਦੇ ਪਿੰਡਾਂ 'ਤੇ ਪੁਲਸ ਦੀ ਪੈਨੀ ਨਜ਼ਰ
ਪਿੰਡ ਚੌਂਤਰਾ, ਸਲਾਚ, ਚੱਕਰੀ, ਕਮਾਲਪੁਰ ਅਫਗਾਨਾ, ਆਦਿਆਂ, ਠਾਕੁਰਪੁਰ, ਮਿਆਨੀ ਮਲਾਹ, ਸੰਦਲਪੁਰ, ਪਸਿਆਲ, ਪਿੰਡ ਤੂਰ, ਪਿੰਡ ਚੇਬੇ, ਮਮਿਆਂ, ਚਕਰੰਗਾ, ਬਾਊਪੁਰ ਆਦਿ ਪਿੰਡਾਂ 'ਤੇ ਪੁਲੀਸ ਦੀ ਪੈਨੀ ਨਜ਼ਰ ਹੈ।

ਸ਼ੱਕੀ ਵਿਅਕਤੀ ਜਾਂ ਵਸਤੂ ਮਿਲਣ ਦੀ ਸੂਚਨਾ ਤੁਰੰਤ ਪੁਲਸ ਨੂੰ ਦਿਓ : ਇੰਸਪੈਕਟਰ
ਇਸ ਸਬੰਧੀ ਜਦੋਂ ਦੋਰਾਂਗਲਾ ਥਾਣਾ ਮੁਖੀ ਇੰਸ. ਮਨਜੀਤ ਕੌਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਮੇਨ ਚੌਕ ਦੋਰਾਂਗਲਾ, ਥੰਮਨ ਮੋੜ, ਬਾਰਡਰ ਦੇ ਗਾਹਲੜੀ ਹਾਈਡਲ ਮੋੜ, ਟੋਟਾ ਮੋੜ ਤੇ ਪੁਲਸ ਦੇ ਸਖ਼ਤ ਨਾਕੇ ਲਾਏ ਗਏ ਹਨ ਅਤੇ ਬਖ਼ਤਰਬੰਦ ਗੱਡੀਆਂ ਦੀ ਬਾਰਡਰ 'ਤੇ ਸਥਿਤ ਪਿੰਡਾਂ ਵਿਚ ਲਗਾਤਾਰ ਦਿਨ-ਰਾਤ ਗਸ਼ਤ ਚੱਲ ਰਹੀ ਹੈ। ਸੁਰੱਖਿਆ ਵਿਵਸਥਾ ਵਿਚ ਕਿਸੇ ਵੀ ਤਰ੍ਹਾਂ ਦੀ ਚੂਕ ਨਾ ਹੋਵੇ। ਇਸ ਲਈ ਪੁਲਸ ਬੱਲ ਤਾਇਨਾਤ ਕੀਤੇ ਗਏ ਹਨ। ਬਾਰਡਰ 'ਤੇ ਖੇਤਾਂ ਵਿਚ ਵੀ ਚੱਪੇ-ਚੱਪੇ 'ਤੇ ਪੁਲਸ ਦੀ ਪੈਨੀ ਨਜ਼ਰ ਹੈ ਤਾਂ ਜੋ ਪਰਿੰਦਾ ਵੀ ਪਰ ਨਾ ਮਾਰ ਸਕੇ।


Baljeet Kaur

Content Editor

Related News