ਹਾਈਵੇਅ ''ਤੇ ਚੱਲਦੀ ਗੱਡੀ ''ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਓਵਰਬ੍ਰਿਜ ਤੋਂ ਥੱਲੇ ਡਿੱਗੀ ਫਾਰਚੂਨਰ
Wednesday, Dec 14, 2022 - 02:48 AM (IST)
ਲੁਧਿਆਣਾ (ਨਰਿੰਦਰ) : ਜਗਰਾਓਂ ਹਾਈਵੇ 'ਤੇ ਮੰਗਲਵਾਰ ਉਸ ਸਮੇਂ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ, ਜਦੋਂ ਇਕ ਫਾਰਚੂਨਰ ਕਾਰ ਪਹਿਲਵਾਨ ਢਾਬੇ ਨੇੜੇ ਓਵਰਬ੍ਰਿਜ 'ਤੇ ਬਣੇ ਫੁੱਟਪਾਥ ਨਾਲ ਟਕਰਾ ਕੇ ਮੋਗਾ ਤੋਂ ਲੁਧਿਆਣਾ ਜਾਂਦੀ ਵਾਪਸ ਮੋਗੇ ਵਾਲੇ ਪਾਸੇ ਹੀ ਫੁੱਟਪਾਥ ਦੀ ਰੇਲਿੰਗ ਤੋੜਦੀ ਹੋਈ ਥੱਲੇ ਆ ਡਿੱਗੀ, ਜਿਸ ਦੇ ਚੱਲਦੇ ਕਾਰ 'ਚ ਸਵਾਰ ਕਾਰ ਚਾਲਕ ਤੇ ਉਸ ਦੀ ਪਤਨੀ ਸਮੇਤ ਇਕ ਬੇਟੀ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਤਿੰਨਾਂ ਪਰਿਵਾਰਕ ਮੈਂਬਰਾਂ ਨੂੰ ਇਲਾਜ ਲਈ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਕਾਰ ਓਵਰਬ੍ਰਿਜ ਤੋਂ ਥੱਲੇ ਡਿੱਗਦੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਜ਼ਰੂਰ ਡਰ ਜਾਵੇਗਾ। ਇਸ ਦੇ ਨਾਲ ਹੀ ਕਾਰ ਦੀਆਂ ਧੱਜੀਆਂ ਉੱਡਦੀਆਂ ਸਾਫ਼ ਦੇਖੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਭੇਤਭਰੇ ਹਾਲਾਤ ’ਚ ਟ੍ਰੈਵਲ ਏਜੰਟ ਨੇ ਆਪਣੇ ਦਫ਼ਤਰ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਇਸ ਮੌਕੇ ਬੱਸ ਸਟੈਂਡ ਚੌਕੀ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨਵਤੇਜ ਸਿੰਘ ਨਾਂ ਦਾ ਆਦਮੀ ਚਲਾ ਰਿਹਾ ਸੀ ਤੇ ਉਸ ਦੇ ਨਾਲ ਉਸ ਦੀ ਪਤਨੀ ਤੇ ਬੇਟੀ ਵੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਨਵਤੇਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਦੱਸਿਆ ਕਿ ਕਾਰ ਸਵਾਰ ਨਵਤੇਜ ਸਿੰਘ ਦਿਲ ਦਾ ਮਰੀਜ਼ ਹੈ ਤੇ ਆਪਣੀ ਦਵਾਈ ਲੈਣ ਮੋਗਾ ਗਿਆ ਸੀ ਤੇ ਵਾਪਸੀ ਸਮੇਂ ਜਗਰਾਓਂ ਓਵਰਬ੍ਰਿਜ 'ਤੇ ਕਾਰ ਚਾਲਕ ਨੂੰ ਹਾਰਟ ਅਟੈਕ ਆਇਆ, ਜਿਸ ਕਾਰਨ ਕਾਰ ਆਊਟ ਆਫ਼ ਕੰਟਰੋਲ ਹੋ ਗਈ ਤੇ ਓਵਰਬ੍ਰਿਜ 'ਤੇ ਬਣੇ ਫੁੱਟਪਾਥ ਨੂੰ ਤੋੜਦੀ ਹੋਈ ਓਵਰਬ੍ਰਿਜ ਤੋਂ ਥੱਲੇ ਆ ਡਿੱਗੀ ਪਰ ਇਸ ਮੌਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜ਼ਖ਼ਮੀ ਕਾਰ ਚਾਲਕ ਸਮੇਤ ਉਸ ਦੇ ਪਰਿਵਾਰ ਨੂੰ ਇਲਾਜ ਲਈ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।