ਫੈਕਟਰੀ ਮਾਲਕ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਡਰਾਈਵਰ ਦੀ ਕੁੱਟਮਾਰ
Tuesday, Jan 16, 2018 - 05:15 PM (IST)

ਸਾਹਨੇਵਾਲ (ਜਗਰੂਪ) : ਆਪਣੀ ਗੱਡੀ 'ਚ ਰੱਖੀ ਹੋਈ ਪਾਣੀ ਵਾਲੀ ਬੋਤਲ ਨਾਲ ਫੈਕਟਰੀ ਦੇ ਅੰਦਰ ਹੀ ਮੂੰਹ ਧੋਣਾ ਇਕ ਡਰਾਈਵਰ ਲਈ ਭਿਆਨਕ ਸਿੱਧ ਹੋਇਆ, ਜਿਸ ਦੇ ਬਾਅਦ ਫੈਕਟਰੀ ਮਾਲਕ ਨੇ ਆਪਣੀ ਫੈਕਟਰੀ ਦੇ ਕੁੱਝ ਹੋਰ ਸਾਥੀਆਂ ਨਾਲ ਮਿਲ ਕੇ ਉਕਤ ਡਰਾਈਵਰ ਦੀ ਕਥਿਤ ਕੁੱਟਮਾਰ ਕਰ ਦਿੱਤੀ। ਕੁੱਟਮਾਰ ਤੋਂ ਬਾਅਦ ਥਾਣਾ ਕੂੰਮਕਲਾਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਡਰਾਈਵਰ ਗੁਰਦੇਵ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਜੰਗਲਾ, ਗੁਰਦਾਸਪੁਰ ਨੇ ਦੱਸਿਆ ਕਿ ਉਹ ਸਕ੍ਰੈਪ ਦੀ ਭਰੀ ਹੋਈ ਗੱਡੀ ਪਿੰਡ ਪੰਜੇਟਾ ਵਿਖੇ ਸਥਿਤ ਐੱਸ. ਐੱਸ. ਕੋਟ, ਕਾਸਟ ਫੈਕਟਰੀ 'ਚ ਖਾਲੀ ਕਰਵਾ ਰਿਹਾ ਸੀ। ਇਸ ਦੌਰਾਨ ਉਸ ਨੇ ਆਪਣੀ ਗੱਡੀ 'ਚੋਂ ਪਾਣੀ ਵਾਲੀ ਬੋਤਲ ਕੱਢੀ ਅਤੇ ਮੂੰਹ ਧੋਣ ਲੱਗਾ, ਜਿਸ ਨੂੰ ਲੈ ਕੇ ਫੈਕਟਰੀ ਮਾਲਕ ਨੇ ਉਸ ਦੇ ਨਾਲ ਕਥਿਤ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਫਿਰ ਉਸ ਦੇ ਬਾਕੀ ਸਾਥੀਆਂ ਨੇ ਕਥਿਤ ਰਾਡ ਨਾਲ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਾਂਚ ਅਧਿਕਾਰੀ ਤਰਸੇਮ ਲਾਲ ਨੇ ਦੱਸਿਆ ਕਿ ਪੁਲਸ ਨੇ ਡਰਾਈਵਰ ਦੀ ਸ਼ਿਕਾਇਤ 'ਤੇ ਸਚਿਨ, ਸਤੀਸ਼, ਸੰਜੂ, ਰਾਜੂ, ਵਿਜੇ, ਕੇ. ਕੇ. ਸ਼ਰਮਾ ਅਤੇ ਮਿਸ਼ਰਾ ਪਿੰਡ ਪੰਜੇਟਾ, ਲੁਧਿਆਣਾ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ।