ਖ਼ਾਕੀ ਦਾ ਕਾਰਨਾਮਾ: ਪੁਲਸ ਨੇ ਕੁੱਟ-ਕੁੱਟ ਕੇ ਤੋੜੀ ਡਰਾਇਵਰ ਦੇ ਚੂਲੇ ਦੀ ਹੱਡੀ
Saturday, Jul 06, 2019 - 11:19 AM (IST)

ਪਟਿਆਲਾ/ਬਾਰਨ (ਇੰਦਰ)—ਸੂਬੇ ਦੀ ਪੁਲਸ ਹਮੇਸ਼ਾ ਹੀ ਆਪਣੇ ਚੰਗੇ-ਮਾੜੇ ਰਵੱਈਏ ਕਾਰਨ ਚਰਚਾ ਵਿਚ ਰਹਿੰਦੀ ਹੈ। ਪੁਲਸ 'ਚ ਤਾਇਨਾਤ ਕਈ ਅਫ਼ਸਰ ਅਤੇ ਮੁਲਾਜ਼ਮ ਆਪਣੀ ਚੰਗੀ ਕਾਰਗੁਜ਼ਾਰੀ ਕਾਰਨ ਲੋਕਾਂ ਨੂੰ ਇਨਸਾਫ ਦੁਆ ਕੇ ਪੂਰੇ ਵਿਭਾਗ ਲਈ ਮਿਸਾਲ ਬਣਦੇ ਹਨ। ਉਥੇ 'ਚੋਂ ਕੁੱਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਤਸ਼ੱਦਦ ਕਾਰਨ ਹਸਦੇ-ਵਸਦੇ ਪਰਿਵਾਰਾਂ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਬਣ ਜਾਂਦੀ ਹੈ। ਪਰਿਵਾਰ ਦੇ ਮੈਂਬਰ ਖਾਣ ਲਈ ਦਾਣੇ-ਦਾਣੇ ਤੋਂ ਮੁਥਾਜ ਹੋ ਜਾਂਦੇ ਹਨ।
ਇਸੇ ਤਰ੍ਹਾਂ ਦਾ ਇਕ ਮਾਮਲਾ ਮੁੱਖ ਮੰਤਰੀ ਦੇ ਸ਼ਹਿਰ ਦਾ ਸਾਹਮਣੇ ਆਇਆ ਹੈ, ਜਿਥੇ ਪੰਜਾਬ ਪੁਲਸ ਦੀ ਕੁੱਟ ਦਾ ਸ਼ਿਕਾਰ ਵਿਅਕਤੀ ਅਪਾਹਜ ਹੋ ਗਿਆ ਹੈ। ਪਰਿਵਾਰ ਦੇ ਬੱਚੇ ਅਤੇ ਮਾਂ-ਬਾਪ ਦਾਣੇ-ਦਾਣੇ ਨੂੰ ਤਰਸ ਰਹੇ ਹਨ। ਅਪਾਹਜ ਵਿਅਕਤੀ ਨੇ ਸੂਬੇ ਦੀ ਪੁਲਸ ਤੋਂ ਇਨਸਾਫ ਨਾ ਮਿਲਣ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਪਰਿਵਾਰ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਅਪੀਲ ਕੀਤੀ ਹੈ।
ਪੀੜਤ ਧਰਮਪਾਲ ਪੁੱਤਰ ਗੁਰਨਾਮ ਦਾਸ ਵਾਸੀ ਪਟਿਆਲਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸੀ. ਐੱਸ. ਸੀ. ਕੰਪਨੀ ਦਕਸ਼ ਸਕਿਓਰਿਟੀ ਵਿਚ ਡਰਾਈਵਰ ਦੀ ਨੌਕਰੀ ਕਰਦਾ ਸੀ। ਇਹ ਕੰਪਨੀ ਏ. ਟੀ. ਐੱਮ. ਵਿਚ ਕੈਸ਼ ਪਾਉਣ ਦਾ ਕੰਮ ਕਰਦੀ ਹੈ। ਕੰਪਨੀ ਦੇ ਕੁੱਝ ਮੁਲਾਜ਼ਮਾਂ ਵੱਲੋਂ ਪੈਸੇ ਪਾਉਣ ਨੂੰ ਲੈ ਕੇ ਹੇਰਾ-ਫੇਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਮੈਂ ਕੰਪਨੀ ਦੇ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਪਰ ਕੋਈ ਕਾਰਵਾਈ ਨਾ ਹੋਈ। ਆਖਰ ਇਹ ਮਾਮਲਾ ਪੁਲਸ ਕੋਲ ਚਲਾ ਗਿਆ, ਜਿਥੇ ਪੁਲਸ ਨੇ ਉਨਾਂ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਫੜੇ ਗਏ ਕਰਮਚਾਰੀਆਂ ਨੇ ਮੇਰਾ ਨਾਂ ਵੀ ਲੈ ਦਿੱਤਾ। ਪੁਲਸ ਨੇ ਮੈਨੂੰ ਵੀ ਚੁੱਕ ਲਿਆ। ਮੇਰੇ 'ਤੇ ਵੀ ਕੈਸ਼ ਘਪਲੇ ਦਾ ਕੇਸ ਪਾ ਦਿੱਤਾ।
ਪੁਲਸ ਨੇ ਮੈਨੂੰ ਜਾਨਵਰਾਂ ਵਾਂਗ ਕੁੱਟਿਆ-ਮਾਰਿਆ ਅਤੇ ਕਰੰਟ ਵੀ ਲਾਇਆ। 20/3/2019 ਨੂੰ ਪੁਲਸ ਨੇ ਮੈਨੂੰ ਬੜੀ ਬੇਦਰਦੀ ਨਾਲ ਕੁੱਟਿਆ। ਮੇਰੇ ਚੂਲੇ ਦੀ ਹੱਡੀ ਤੋੜ ਦਿੱਤੀ। ਇਸ ਕਾਰਨ ਮੇਰੀ ਸੱਜੀ ਲੱਤ ਬਿਲਕੁੱਲ ਨਕਾਰਾ ਹੋ ਗਈ। ਮੇਰੇ ਪਰਿਵਾਰ ਵਾਲਿਆਂ ਨੂੰ ਸੂਚਿਤ ਨਹੀਂ ਕੀਤਾ ਗਿਆ। ਜਦੋਂ ਮੈਂ ਦਰਦ ਨਾਲ ਬੇਹੋਸ਼ ਹੋਣ ਲੱਗਾ ਤਾਂ 26/03/2019 ਨੂੰ ਮੈਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਮੇਰੀ ਲੱਤ 'ਚ ਇਨਫੈਕਸ਼ਨ ਹੋਣ ਕਾਰਨ ਮੇਰਾ 1/04/2019 ਨੂੰ ਅਪ੍ਰੇਸ਼ਨ ਕੀਤਾ ਗਿਆ ਜੋ ਸਫਲ ਨਹੀਂ ਹੋਇਆ। ਫਿਰ 15/04/2019 ਨੂੰ ਮੇਰੀ ਲੱਤ ਦਾ ਆਪਰੇਸ਼ਨ ਕਰ ਕੇ ਮੈਨੂੰ ਭੇਜ ਦਿੱਤਾ ਗਿਆ। ਜਿੱਥੇ ਤੁਰਨ-ਫਿਰਨ ਤੋਂ ਅਸਮਰੱਥ ਹਾਂ। ਮੇਰਾ ਚੰਗਾ ਤਰ੍ਹਾਂ ਇਲਾਜ ਨਹੀਂ ਹੋ ਸਕਿਆ। ਨਾ ਹੀ ਹਸਪਤਾਲ ਦੇ ਡਾਕਟਰਾਂ ਨੇ ਮੇਰੀ ਮੈਡੀਕਲ ਰਿਪੋਰਟ ਮੈਨੂੰ ਦਿੱਤੀ ਤਾਂ ਜੋ ਮੈਂ ਆਪਣਾ ਇਲਾਜ ਸਹੀ ਢੰਗ ਨਾਲ ਕਰਵਾ ਸਕਾਂ। ਆਖਰ ਮੇਰੇ ਪਰਿਵਾਰ ਨੇ ਮੇਰੀ ਜ਼ਮਾਨਤ ਕਰਵਾ ਲਈ। ਹੁਣ ਮੈਂ ਬਿਲਕੁੱਲ ਅਪਾਹਜ ਹੋ ਚੁੱਕਾ ਹਾਂ।
ਧਰਮਪਾਲ ਨੇ ਆਪਣਾ ਦੁੱਖ ਦਸਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਰਾਹੀਂ ਅਪੀਲ ਕੀਤੀ ਕਿ ਮੈਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਨਾ ਤਾਂ ਮੇਰੇ ਕੋਲੋਂ ਪੁਲਸ ਨੂੰ ਕੁੱਝ ਮਿਲਿਆ ਹੈ ਤੇ ਨਾ ਹੀ ਮੈਂ ਇਸ ਘਪਲੇ ਵਿਚ ਸ਼ਾਮਲ ਸੀ। ਇਸ ਕੇਸ ਦੀ ਛਾਣਬੀਣ ਕਰਵਾਈ ਜਾਵੇ। ਜੇਕਰ ਮੈਂ ਨਿਰਦੋਸ਼ ਪਾਇਆ ਗਿਆ ਤਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੈਨੂੰ ਬਣਦਾ ਮੁਆਵਜ਼ਾ ਦੁਆਇਆ ਜਾਵੇ। ਜਿਨ੍ਹਾਂ ਪੁਲਸ ਅਧਿਕਾਰੀਆਂ ਅਤੇ ਮੁਲਾ਼ਜਮਾਂ ਨੇ ਮੈਨੂੰ ਸਰੀਰ ਪੱਖੋਂ ਨਕਾਰਾ ਕੀਤਾ ਹੈ, ਦੀ ਤਨਖਾਹ 'ਚੋਂ ਭਰਵਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੇਰੇ 3 ਬੱਚੇ ਅਤੇ ਮੇਰੇ ਬਜ਼ੁਰਗ ਮਾਂ-ਬਾਪ ਅੱਜ ਪੁਲਸ ਦੇ ਜ਼ੁਲਮ ਦਾ ਸ਼ਿਕਾਰ ਹੋਏ ਹਨ। ਅੱਜ ਉਨ੍ਹਾਂ ਲਈ ਰੋਜ਼ੀ-ਰੋਟੀ ਕਮਾਉਣ ਵਾਲਾ ਕੋਈ ਨਹੀਂ। ਦੂਜਾ ਮੈਨੂੰ ਪੁਲਸ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅੱਜ ਮੇਰੇ ਅਪਾਹਜ ਹੋਣ ਨਾਲ ਮੇਰਾ ਪਰਿਵਾਰ ਸੜਕ 'ਤੇ ਆ ਗਿਆ ਹੈ।