ਪੀਣ ਵਾਲੇ ਪਾਣੀ ਦੇ ਵਧਾਏੇ ਬਿੱਲਾਂ ਦੇ ਵਿਰੋਧ ''ਚ ਨਾਅਰੇਬਾਜ਼ੀ

Monday, Sep 18, 2017 - 12:59 PM (IST)

ਪੀਣ ਵਾਲੇ ਪਾਣੀ ਦੇ ਵਧਾਏੇ ਬਿੱਲਾਂ ਦੇ ਵਿਰੋਧ ''ਚ ਨਾਅਰੇਬਾਜ਼ੀ

ਮਾਹਿਲਪੁਰ(ਜਸਵੀਰ)— ਪੰਜਾਬ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਵਧਾਉਣ ਕਾਰਨ ਲੋਕਾਂ ਵਿਚ ਹਾਹਾਕਾਰ ਮਚ ਗਈ ਹੈ। ਇਸ ਸਬੰਧੀ ਪਿੰਡ ਨੰਗਲ ਖੁਰਦ ਦੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਮਹਿੰਦਰਪਾਲ ਨੰਗਲ ਖੁਰਦ ਦੀ ਅਗਵਾਈ ਵਿਚ ਮਨੀ ਨੰਗਲ, ਮਲਕੀਤ ਸਿੰਘ, ਉਂਕਾਰ ਸਿੰਘ, ਜੁਝਾਰ ਸਿੰਘ, ਸਤਵਿੰਦਰ ਬਿੱਲਾ, ਕਸ਼ਮੀਰ ਸਿੰਘ, ਅਪਿੰਦਰ ਸਿੰਘ, ਚਰਨਜੀਤ ਸਿੰਘ ਬੈਂਸ, ਰਵੀ ਬਾਲੀ, ਜੁਝਾਰ ਸਿੰਘ, ਸੁਖਦੀਪ ਸਿੰਘ, ਮਨਜੀਤ ਕੌਰ, ਬਲਵੀਰ ਕੌਰ, ਸ਼ਕੁੰਤਲਾ ਦੇਵੀ, ਅਮਰਜੀਤ ਕੌਰ, ਨਿੰਮੋ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਰਛਪਾਲ ਕੌਰ, ਸਵਰਨ ਕੌਰ, ਨੀਤੂ, ਜੁਗਿੰਦਰ ਕੌਰ, ਰਾਣੀ, ਸੱਤਿਆ ਦੇਵੀ ਸਮੇਤ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਪੰਜਾਬ ਸਰਕਾਰ ਵੱਲੋਂ ਵਧਾਏ ਹੋਏ ਬਿੱਲਾਂ ਖਿਲਾਫ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। 
ਇਸ ਸਬੰਧੀ ਮਹਿੰਦਰਪਾਲ ਨੰਗਲ ਖੁਰਦ ਨੇ ਕਿਹਾ ਕਿ ਕਾਂਗਰਸ ਨੇ ਸਰਕਾਰ ਬਣਾਉਣੀ ਸੀ ਤਾਂ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਪਰ ਸਰਕਾਰ ਬਣਦੇ ਹੀ ਉਕਤ ਵਾਅਦਿਆਂ ਨੂੰ ਭੁਲਾ ਕੇ ਗਰੀਬ ਲੋਕਾਂ 'ਤੇ ਪਾਣੀ ਦੇ ਬਿੱਲ ਵਧਾਉਣ ਦਾ ਨਾਦਰਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਲੋਕਾਂ ਨੂੰ ਪਾਣੀ ਦੇ ਬਿੱਲ ਜਮ੍ਹਾ ਕਰਵਾਉਣ ਸਮੇਂ ਪਤਾ ਲੱਗ ਰਿਹਾ ਹੈ। 
ਇਸ ਸਬੰਧੀ ਮਾਹਿਲਪੁਰ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਦਫਤਰ ਵਿਖੇ ਇਕ ਨੋਟਿਸ ਲਾਇਆ ਗਿਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਣੀ ਦਾ ਬਿੱਲ ਮਹੀਨਾ 1 ਅਕਤੂਬਰ 2017 ਤੋਂ 75 ਰੁਪਏ ਤੋਂ ਵੱਧ ਕੇ 125 ਰੁਪਏ ਪ੍ਰਤੀ ਮਹੀਨਾ ਹੋ ਗਿਆ ਹੈ, ਜਿਸ ਪ੍ਰਤੀ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੀਣ ਵਾਲੇ ਪਾਣੀ ਦੇ ਬਿੱਲ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਇਨ੍ਹਾਂ ਬਿੱਲ ਮੁਆਫ ਤਾਂ ਕੀ ਕਰਨੇ ਸਨ, ਸਗੋਂ ਵਧਾ ਕੇ ਗਰੀਬ ਲੋਕਾਂ 'ਤੇ ਹੋਰ ਬੋਝ ਪਾ ਦਿੱਤਾ ਗਿਆ ਹੈ। ਜੇਕਰ ਸਰਕਾਰ ਨੇ ਇਹ ਵਾਧਾ ਵਾਪਸ ਨਾ ਲਿਆ ਤਾਂ ਲੋਕ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ।


Related News