ਅਕਾਲੀ ਦਲ ਨੇ 26 ਜਨਵਰੀ ਦੀ ਪਰੇਡ ’ਚ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ’ਤੇ ਚੁੱਕਿਆ ਇਤਰਾਜ਼
Monday, Jan 23, 2023 - 10:40 AM (IST)
ਪਟਿਆਲਾ (ਪਰਮੀਤ) : ਅਕਾਲੀ ਦਲ ਨੇ ਇਸ ਸਾਲ 26 ਜਨਵਰੀ ਨੂੰ ਦਿੱਲੀ 'ਚ ਹੋਣ ਵਾਲੀ ਪਰੇਡ 'ਚ ਪੰਜਾਬ ਦੀ ਝਾਕੀ ਸ਼ਾਮਲ ਨਾ ਕੀਤੇ ਜਾਣ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਅਕਾਲੀ ਦਲ ਵੱਲੋਂ ਇਸ ਫ਼ੈਸਲੇ ਦੀ ਮੁੜ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਹੈ। ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇਸ਼ ਦੀ ਖੜਗ ਭੁਜਾ ਹੈ ਅਤੇ ਪੰਜਾਬ ਦਾ ਅਮੀਰ ਵਿਰਸਾ ਤੇ ਸੱਭਿਆਚਾਰ ਹੈ।
ਇਹ ਵੀ ਪੜ੍ਹੋ : CM ਮਾਨ ਸਨਅਤਕਾਰਾਂ ਨੂੰ ਅੱਜ ਦੇਣਗੇ ਪੰਜਾਬ ਆਉਣ ਦਾ ਸੱਦਾ, ਸੂਬੇ 'ਚ ਉਦਯੋਗ ਖੋਲ੍ਹਣ ਦੀ ਕਰਨਗੇ ਅਪੀਲ
ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਵੀ ਲਾ-ਮਿਸਾਲ ਹੈ ਅਤੇ ਇਸਦਾ ਦੇਸ਼ ਦੀ ਆਜ਼ਾਦੀ 'ਚ ਵੱਡਾ ਯੋਗਦਾਨ ਰਿਹਾ ਹੈ ਅਤੇ ਦੇਸ਼ ਦੀ ਅਨਾਜ ਭੰਡਾਰ ਦੀ ਲੋੜ ਪੂਰਾ ਕਰਨ 'ਚ ਵੀ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਜਿਸਦੀ ਦੇਸ਼ 'ਚ ਵੱਖਰੀ ਅਹਿਮੀਅਤ ਹੈ।
ਉਨ੍ਹਾਂ ਕਿਹਾ ਕਿ ਉਹ ਨਹੀਂ ਕਹਿ ਸਕਦੇ ਕਿ ਫ਼ੈਸਲੇ ਲੈਣ ਵਾਲੇ ਕਿਵੇਂ ਫ਼ੈਸਲੇ ਲੈਂਦੇ ਹਨ, ਇਸ 'ਚ ਰਾਜਨੀਤੀ ਸ਼ਾਮਲ ਹੈ ਜਾਂ ਨਹੀਂ ਪਰ ਜਿਹੜੇ ਸੂਬਿਆਂ ਦਾ ਇਤਿਹਾਸਕ ਰੋਲ ਹੈ, ਉਨ੍ਹਾਂ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ 'ਚ ਸੂਬਿਆਂ ਦੀ ਗਿਣਤੀ ਵੱਧ ਗਈ ਹੈ ਤਾਂ ਫਿਰ ਝਾਕੀਆਂ ਦੀ ਗਿਣਤੀ ਵਧਾ ਲੈਣੀ ਚਾਹੀਦੀ ਹੈ। ਡਾ. ਚੀਮਾ ਨੇ ਇਸ ਮਾਮਲੇ 'ਚ ਟਵੀਟ ਵੀ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ