ਡਾ. ਵੇਰਕਾ ਵਲੋਂ ਮੌਜੂਦਾ ਬਿਜਲੀ ਖਰੀਦ ਸਮਝੌਤਿਆਂ ਦੀਆਂ ਦਰਾਂ ’ਚ ਕਟੌਤੀ ਸਬੰਧੀ ਸੰਭਾਵਨਾਵਾਂ ਦੀ ਤਲਾਸ਼

Tuesday, Dec 07, 2021 - 09:28 PM (IST)

ਡਾ. ਵੇਰਕਾ ਵਲੋਂ ਮੌਜੂਦਾ ਬਿਜਲੀ ਖਰੀਦ ਸਮਝੌਤਿਆਂ ਦੀਆਂ ਦਰਾਂ ’ਚ ਕਟੌਤੀ ਸਬੰਧੀ ਸੰਭਾਵਨਾਵਾਂ ਦੀ ਤਲਾਸ਼

ਚੰਡੀਗੜ੍ਹ(ਸ਼ਰਮਾ)- ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸੂਬੇ ’ਚ ਸੋਲਰ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਆਪਸੀ ਸਮਝੌਤੇ ਰਾਹੀਂ ਮੌਜੂਦਾ ਬਿਜਲੀ ਖਰੀਦ ਸਮਝੌਤਿਆਂ ਦੀਆਂ ਦਰਾਂ ’ਚ ਕਟੌਤੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਹੈ।

ਅੱਜ ਪੰਜਾਬ ਭਵਨ ਵਿਖੇ ਸੋਲਰ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਕਿ ਵਿਆਜ ਦਰਾਂ ਅਤੇ ਕਾਰਪੋਰੇਟ ਟੈਕਸ ਘਟਾਇਆ ਜਾ ਚੁੱਕਾ ਹੈ, ਇਸ ਲਈ ਪ੍ਰੋਜੈਕਟ ਡਿਵੈਲਪਰਾਂ ਨੂੰ ਟੈਰਿਫ਼ ਘਟਾਉਣ ਦੇ ਤਰੀਕੇ ਲੱਭਣ ਵੱਲ ਧਿਆਨ ਦੇਣਾ ਚਾਹੀਦਾ ਹੈ, ਇਹ ਸਰਕਾਰ ਅਤੇ ਪੀ.ਐੱਸ.ਪੀ.ਸੀ.ਐੱਲ. ਲਈ ਲਾਭਕਾਰੀ ਹੋਵੇਗਾ ਜਿਸ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇਗੀ।

ਡਾ. ਵੇਰਕਾ ਨੇ ਕਿਹਾ ਕਿ ਉਹ ਦੋਸਤਾਨਾ ਅਤੇ ਮਜ਼ਬੂਤ ਸਬੰਧਾਂ ਦੀ ਆਸ ਕਰਦੇ ਹਨ ਅਤੇ ਡਿਵੈਲਪਰਾਂ ਨੂੰ ਰਾਜ ’ਚ ਹੋਰ ਨਿਵੇਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਿਵੈਲਪਰਾਂ ਨੂੰ ਆਪਣੇ ਸੁਝਾਅ ਅਤੇ ਦਰਪੇਸ਼ ਸਮੱਸਿਆਵਾਂ (ਜੇਕਰ ਹੋਣ) ਵੀ ਸਾਹਮਣੇ ਲਿਆਉਣੀਆਂ ਚਾਹੀਦੀਆਂ ਹਨ ਅਤੇ ਵਿਭਾਗ ਉਨ੍ਹਾਂ ਦੇ ਸੁਝਾਵਾਂ ਨੂੰ ਘੋਖਣ ਤੋਂ ਬਾਅਦ ਸੁਖਾਵੇਂ ਹੱਲ ਲੱਭਣ ਲਈ ਤਰੀਕੇ ਅਤੇ ਸਾਧਨ ਜੁਟਾਉਣ ਲਈ ਇਕ ਕਮੇਟੀ ਬਣਾਏਗਾ। ਡਾ: ਵੇਰਕਾ ਨੇ ਕਿਹਾ ਕਿ ਇਸ ਮੰਤਵ ਲਈ ਗਠਿਤ ਇਕ ਸਬ-ਕਮੇਟੀ ਵਲੋਂ ਵੱਖ-ਵੱਖ ਸੂਰਜੀ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਅਗਲੀ ਮੀਟਿੰਗ ਕੀਤੀ ਜਾਵੇਗੀ ਅਤੇ ਕੇਵਲ ਅਜਿਹੇ ਸੁਚੱਜੇ ਹੱਲ ਹੀ ਅਮਲ ’ਚ ਲਿਆਂਦੇ ਜਾਣਗੇ ਜੋ ਸਰਕਾਰ ਅਤੇ ਪ੍ਰਾਈਵੇਟ ਡਿਵੈਲਪਰ/ਨਿਵੇਸ਼ਕ ਦੋਵਾਂ ਨੂੰ ਮਨਜੂਰ ਹੋਣ। ਉਨ੍ਹਾਂ ਨੇ ਸਾਰੀਆਂ ਕੰਪਨੀਆਂ ਨੂੰ ਪੰਜਾਬ ’ਚ ਆਪਣੇ ਸੀ.ਐੱਸ.ਆਰ. ਖਰਚਣ ਲਈ ਵੀ ਕਿਹਾ।

ਇਸ ਮੀਟਿੰਗ ’ਚ ਵੇਲਸਪਨ ਪਾਵਰ, ਅਜੁਰ ਪਾਵਰ, ਈਕੋ ਐਨਰਜੀ, ਇੰਟਰਨੈਸ਼ਨਲ ਅਰਥ ਸੋਲਰ ਪ੍ਰਾਈਵੇਟ ਲਿਮਟਿਡ, ਅਲੀਆਨਜ ਈਕੋ ਪਾਵਰ ਲਿਮਟਿਡ ਆਦਿ ਸੋਲਰ ਕੰਪਨੀਆਂ ਦੇ ਕਈ ਪ੍ਰੋਜੈਕਟ ਡਿਵੈਲਪਰ ਹਾਜਰ ਰਹੇ। ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨੇ ਦੱਸਿਆ ਕਿ ਉਹ ਸਾਰੇ ਪੰਜਾਬ ’ਚ ਪਾਵਰ ਪ੍ਰੋਜੈਕਟਾਂ ’ਚ ਝੋਨੇ ਦੀ ਪਰਾਲੀ ਅਤੇ ਬਾਇਓਮਾਸ ਦੀ ਵਰਤੋਂ ਕਰ ਰਹੇ ਹਨ ਅਤੇ ਮਿਲ ਕੇ 10 ਲੱਖ ਟਨ ਝੋਨੇ ਦੀ ਪਰਾਲੀ ਦੀ ਸੰਭਾਲ/ਵਰਤੋਂ ਕੀਤੀ ਜਾ ਰਹੀ ਹੈ। ਸਟੋਰਾਂ ’ਚ ਮੀਂਹ ਅਤੇ ਮੌਸਮ ਖਰਾਬੀ ਵਰਗੀਆਂ ਸਮੱਸਿਆਵਾਂ ਕਾਰਣ ਝੋਨੇ ਦੀ ਪਰਾਲੀ ਅਤੇ ਬਾਇਓਮਾਸ ਦੇ ਸਟੋਰਾਂ ’ਚ ਕਾਫੀ ਨੁਕਸਾਨ ਹੁੰਦਾ ਹੈ। ਬਾਇਓਮਾਸ ਪਾਵਰ ਪਲਾਂਟ ਰਾਜ ਦੇ ਦਿਹਾਤੀ ਖੇਤਰ ’ਚ ਬਹੁਤ ਸਾਰੀਆਂ ਨੌਕਰੀਆਂ ਪ੍ਰਦਾਨ ਕਰ ਰਹੇ ਹਨ ਅਤੇ ਵਾਤਾਵਰਣ ਲਈ ਵੀ ਲਾਭਕਾਰੀ ਹਨ।

ਮੀਟਿੰਗ ’ਚ ਪੀ.ਐੱਸ.ਪੀ.ਸੀ.ਐੱਲ. ਦੇ ਮੁੱਖ ਮੈਨੇਜਿੰਗ ਡਾਇਰੈਕਟਰ ਵੇਣੂ ਪ੍ਰਸਾਦ, ਨਵਜੋਤ ਪਾਲ ਸਿੰਘ ਰੰਧਾਵਾ, ਸੀ.ਈ.ਓ. ਪੇਡਾ, ਐੱਮ.ਪੀ. ਸਿੰਘ, ਡਾਇਰੈਕਟਰ, ਪੇਡਾ, ਦਵਿੰਦਰ ਸਿੰਘ, ਜੁਆਇੰਟ ਡਾਇਰੈਕਟਰ, ਪੇਡਾ, ਆਰ.ਕੇ. ਗੁਪਤਾ, ਜੁਆਇੰਟ ਡਾਇਰੈਕਟਰ, ਪੇਡਾ, ਸੁਪਿੰਦਰ ਸਿੰਘ ਜੁਆਇੰਟ ਡਾਇਰੈਕਟਰ ਪੀ.ਐੱਸ.ਪੀ.ਸੀ.ਐੱਲ. ਮੌਜੂਦ ਸਨ।


author

Bharat Thapa

Content Editor

Related News