550ਵੇਂ ਪ੍ਰਕਾਸ਼ ਪੁਰਬ ਮੌਕੇ ਡਾ. ਐੱਸ.ਪੀ. ਓਬਰਾਏ ਦਾ ਸਿੱਖ ਸ਼ਰਧਾਲੂਆਂ ਲਈ ਵੱਡਾ ਉਪਰਾਲਾ

11/7/2019 7:48:50 PM

ਸੁਲਤਾਨਪੁਰ ਲੋਧੀ/ਦੁਬਈ— ਵਿਦੇਸ਼ਾਂ 'ਚ ਪੰਜਾਬੀਆਂ ਦੀ ਮਦਦ ਲਈ ਹਰ ਵੇਲੇ ਮੌਜੂਦ ਰਹਿਣ ਵਾਲੇ ਐੱਸ.ਪੀ. ਸਿੰਘ ਓਬਰਾਏ ਨੇ ਸਿੱਖ ਸ਼ਰਧਾਲੂਆਂ ਲਈ ਇਕ ਹੋਰ ਵੱਡਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਗੁਰਦੁਆਰਾ ਨਾਨਕ ਹੱਟ ਦੇ ਨੇੜੇ ਸਰਦਾਰ ਓਬਰਾਏ ਲੈਬਾਰਟਰੀ ਦੀ ਵਿਵਸਥਾ ਕੀਤੀ ਹੈ।

ਇਸ ਦੌਰਾਨ ਓਬਰਾਏ ਵਲੋਂ ਦੱਸਿਆ ਗਿਆ ਕਿ ਇਸ ਲੈਬਾਰਟਰੀ 'ਚ 6 ਟੈਕਨੀਸ਼ੀਅਨ ਹੋਣਗੇ ਤੇ ਇਹ ਲੈਬਾਰਟਰੀ 24 ਘੰਟੇ ਸੰਗਤਾਂ ਦੀ ਸੇਵਾ 'ਚ ਹਾਜ਼ਰ ਰਹੇਗੀ। ਗੁਰਪੁਰਬ, ਸੰਗਰਾਂਦ ਜਾਂ ਮੱਸਿਆ ਮੌਕੇ ਅਸੀਂ ਲੋੜ ਅਨੁਸਾਰ ਲੈਬੋਰਟਰੀ 'ਚ ਹੋਰ ਟੈਕਨੀਸ਼ੀਅਨ ਮੁਹੱਈਆ ਕਰਵਾਇਆ ਕਰਾਂਗੇ। ਇਸ ਤੋਂ ਇਲਾਵਾ ਐੱਸ.ਪੀ. ਸਿੰਘ ਓਬਰਾਏ ਨੇ ਗੁਰਪੁਰਬ ਮੌਕੇ ਪਹੁੰਚੀਆਂ ਸੰਗਤਾਂ ਨੂੰ ਢਾਈ ਲੱਖ ਚੱਪਲ ਵੰਡਣ ਦਾ ਇੰਤਜ਼ਾਮ ਕਰ ਦਿੱਤਾ ਹੈ। ਇਸ ਦੇ ਲਈ ਸੁਲਤਾਨਪੁਰ ਲੋਧੀ ਟੈਂਟ ਸਿਟੀ ਇਕ, ਗੁਰਦੁਆਰਾ ਨਾਨਕ ਹੱਟ ਤੇ ਹੋਰ ਤੈਅ ਕੀਤੀਆਂ ਥਾਵਾਂ 'ਤੇ ਚੱਪਲਾਂ ਵੰਡੀਆਂ ਜਾ ਰਹੀਆਂ ਹਨ। ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਗੁਰਪੁਰਬ ਮੌਕੇ ਸੰਗਤਾਂ ਨੂੰ ਤੁਰਨ ਦੌਰਾਨ ਸੌਖ ਰਹੇ, ਇਸ ਲਈ ਉਨ੍ਹਾਂ ਨੇ ਜੋੜਿਆਂ ਦਾ ਇੰਤਜ਼ਾਮ ਕੀਤਾ ਹੈ।

10 ਨਵੰਬਰ ਨੂੰ ਐੱਸ.ਪੀ. ਸਿੰਘ ਓਬਰਾਏ ਨੂੰ ਕੀਤਾ ਜਾਵੇਗਾ ਸਨਮਾਨਿਤ
10 ਨਵੰਬਰ ਨੂੰ ਐੱਸ.ਪੀ. ਸਿੰਘ ਓਬਰਾਏ ਨੂੰ ਉਨ੍ਹਾਂ ਦੀ ਸਮਾਜ ਸੇਵਾ ਦੇ ਲਈ ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਵਿਖੇ 550 ਸ਼ਖ਼ਸੀਅਤਾਂ ਦੇ ਨਾਲ ਸਨਮਾਨਤ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਐੱਸ.ਪੀ. ਸਿੰਘ ਓਬਰਾਏ ਭਾਰਤ ਸਰਕਾਰ ਦੇ ਸੱਦੇ 'ਤੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੌਰਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵੀ ਜਾ ਰਹੇ ਹਨ। ਸਰਦਾਰ ਓਬਰਾਏ ਮੁਤਾਬਕ ਭਾਰਤ ਸਰਕਾਰ ਵਲੋਂ 61 ਪ੍ਰਵਾਸੀ ਭਾਰਤੀਆਂ ਨੂੰ ਵਿਸ਼ੇਸ਼ ਸੱਦਾ ਮਿਲਿਆ ਸੀ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਮਰਦਾਨੇ ਦੀ ਰਬਾਬ ਤੇ ਗੁਰੂ ਨਾਨਕ ਦੇਵ ਜੀ ਦੇ ਮੂਲ ਮੰਤਰ ਨੂੰ ਦਰਸਾਉਂਦਾ ਹੋਇਆ ਵਿਸ਼ੇਸ਼ ਸਮਾਰਕ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ ਨੂੰ ਜਾਂਦੀ ਹੋਈ ਸੜਕ ਦੇ ਟੀ-ਪੁਆਇੰਟ 'ਤੇ ਸਥਾਪਤ ਕੀਤਾ ਗਿਆ ਹੈ। ਐੱਸ.ਪੀ. ਸਿੰਘ ਓਬਰਾਏ ਕਹਿੰਦੇ ਹਨ ਕਿ ਇਹ ਵਿਸ਼ੇਸ਼ ਸਮਾਰਕ ਚਿੰਨ੍ਹ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਦੇ ਰਿਸ਼ਤੇ ਦੀ ਯਾਦ ਕਰਵਾਉਂਦਾ ਰਹੇਗਾ।


Baljit Singh

Edited By Baljit Singh