ਪੰਜਾਬ ''ਚ 15 ਮਈ ਲਈ ਹੋ ਗਿਆ ਵੱਡਾ ਐਲਾਨ, ਪੜ੍ਹੋ ਕੀ ਹੈ ਪੂਰੀ ਖ਼ਬਰ

Monday, May 11, 2026 - 09:44 AM (IST)

ਪੰਜਾਬ ''ਚ 15 ਮਈ ਲਈ ਹੋ ਗਿਆ ਵੱਡਾ ਐਲਾਨ, ਪੜ੍ਹੋ ਕੀ ਹੈ ਪੂਰੀ ਖ਼ਬਰ

ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਯੂਨੀਅਨ ਦੇ ਐਗਜ਼ੈਕਟਿਵ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ। ਮੀਟਿੰਗ ’ਚ ਕਿਸਾਨੀ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਅਵਤਾਰ ਸਿੰਘ ਮੇਹਲੋਂ ਸਰਪਰਸਤ ਅਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਨੇ ਕਿਹਾ ਕਿ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੀਆਂ ਮੰਗਾਂ ਵਾਸਤੇ ਇੱਕ ਵੱਡੀ ਰੈਲੀ ਯਾਦਵਿੰਦਰਾ ਪਬਲਿਕ ਸਕੂਲ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਨੇ ਚਰਪਾਰਕ ਫੇਜ਼-8 ਮੋਹਾਲੀ ਨੇੜੇ ਵਾਈ. ਪੀ. ਐੱਸ ਚੌਂਕ ਵਿਖੇ ਕੀਤੀ ਜਾ ਰਹੀ ਹੈ, ਜਿੱਥੋਂ ਕਿਸਾਨ ਕਾਫ਼ਲੇ ਦੇ ਰੂਪ ’ਚ ਇਕੱਠੇ ਹੋ ਕੇ ਰਾਜ ਭਵਨ ਚੰਡੀਗੜ੍ਹ ਵੱਲ ਕੂਚ ਕਰਨਗੇ ਕਿਉਂਕਿ ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਪੰਜਾਬ ਦੇ ਹੱਕਾਂ ਅਤੇ ਡਾਕਾ ਹੀ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਧੱਕਾ ਹੁੰਦਾ ਆ ਰਿਹਾ ਹੈ, ਜੋ ਹੁਣ ਵੀ ਜ਼ਾਰੀ ਹੈ। ਇਸ ਰੈਲੀ ਦੀਆਂ ਮੁੱਖ ਮੰਗਾਂ ਹਨ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕੀਤੀ ਜਾਵੇ, ਚੰਡੀਗੜ੍ਹ ਬਿਨ੍ਹਾਂ ਕਿਸੇ ਦੇਰੀ ਦੇ ਪੰਜਾਬ ਨੂੰ ਦਿੱਤਾ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਿਯਮਾਂ ’ਚ ਸੋਧ ਕਰਕੇ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਨ ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ: 'ਪਾਪਾ ICE CREAM ਲਿਆ ਰਹੇ ਨੇ...' ਪਲਾਂ 'ਚ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ

ਦਰਿਆਈ ਪਾਣੀਆਂ ਦਾ ਮਾਮਲਾ ਰਿਪੇਰੀਅਨ ਬੇਸਿਕ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ, ਪੰਜਾਬ ਪੁਨਰ ਗਠਨ ਐਕਟ ਦੀਆਂ ਧਾਰਾਵਾਂ ਰੱਦ ਕੀਤੀਆਂ ਜਾਣ, ਡੈਮ ਸੇਫਟੀ ਐਕਟ ਤੇ ਜਲ ਸੋਧ ਐਕਟ 2024 ਰੱਦ ਕੀਤਾ ਜਾਵੇ, ਦਰਿਆਵਾਂ, ਨਹਿਰਾਂ ਅਤੇ ਡਰੇਨਾ ’ਚ ਉਦਯੋਗਾਂ ਅਤੇ ਸੀਵਰੇਜ ਦਾ ਦੂਸ਼ਿਤ ਪਾਣੀ ਪੈਣ ਤੋਂ ਰੋਕਿਆ ਜਾਵੇ ਵਰਗੀਆਂ ਪੰਜਾਬ ਦੀਆਂ ਹੋਰ ਵੀ ਕਈ ਮੰਗਾਂ ਮੰਨਵਾਉਣ ਲਈ 15 ਮਈ ਦਾ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਰੱਖਿਆ ਹੈ, ਜਿਸ ’ਚ ਪੰਜਾਬ ਤੋਂ ਹਜ਼ਾਰਾਂ ਕਿਸਾਨ ਪਹੁੰਚ ਰਹੇ ਹਨ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਪਾਲਮਾਜ਼ਰਾ ਤੇ ਪਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ’ਚ ਦਿੱਤਾ ਜਾ ਰਿਹਾ ਦਖ਼ਲ ਤੁਰੰਤ ਬੰਦ ਕੀਤਾ ਜਾਵੇ, ਕੇਂਦਰ ਦੇ ਕੌਮੀ ਖੇਤੀ ਤੇ ਪੇਂਡੂ ਵਿਕਾਸ ਬੈਂਕ ਨਾਬਰਡ ਵਲੋਂ ਖੇਤੀ ਕਰਜ਼ਿਆਂ ਅਤੇ ਕੱਟ ਲਗਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 12 ਜ਼ਿਲ੍ਹਿਆਂ ਵੱਡੀ ਚਿਤਾਵਨੀ, ਅਗਲੇ 48 ਘੰਟੇ ਬੇਹੱਦ ਅਹਿਮ

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ ਅਮਲਾਲਾ ਅਤੇ ਰਣਜੀਤ ਸਿੰਘ ਰਟੈਂਡਾ ਤੇ ਗੁਰਪ੍ਰੀਤ ਸਿੰਘ ਸਾਹਾਬਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਦੇਸ਼ ਦੀ ਕਿਸਾਨੀ ਨੂੰ ਮੋਦੀ ਸਰਕਾਰ ਨੇ ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ ਹਵਾਲੇ ਕਰ ਦਿੱਤਾ ਹੈ। ਭਾਰਤ ’ਚ ਛੋਟੀ ਕਿਸਾਨੀ ਖੇਤੀ ਕਰਦੀ ਹੈ, ਜਿਸ ਵਿਚ 85 ਫ਼ੀਸਦੀ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨ ਆਪਣੀ ਫ਼ਸਲ ਸਰਕਾਰੀ ਮੰਡੀਆਂ ’ਚ ਸਰਕਾਰ ਵਲੋਂ ਤੈਅ ਰੇਟ 'ਤੇ ਵੇਚਦੇ ਹਨ, ਬਾਕੀ ਭਾਰਤ ’ਚ ਕਿਸਾਨਾਂ ਦੀਆਂ ਫ਼ਸਲਾਂ ਪ੍ਰਾਈਵੇਟ ਘਰਾਣੇ ਖਰੀਦਦੇ ਹਨ, ਜੋ ਕਿਸਾਨਾਂ ਦੀ ਵੱਡੀ ਪੱਧਰ ’ਤੇ ਲੁੱਟ ਕਰਦੇ ਹਨ। ਇਸ ਮੁਕਤ ਵਪਾਰ ਸਮਝੌਤੇ ਨਾਲ ਜਿਹੜੀ ਮਾੜੀ ਮੋਟੀ ਕਿਸਾਨਾਂ ਦੀ ਫ਼ਸਲ ਖਰੀਦੀ ਜਾਂਦੀ ਸੀ ਉਹ ਵੀ ਖ਼ਤਮ ਹੋਵੇਗੀ, ਇਸ ਲਈ ਇਸ ਸਮਝੌਤੇ ਨੂੰ ਤੁਰੰਤ ਰੱਦ ਕੀਤਾ ਜਾਵੇ। ਮੀਟਿੰਗ ’ਚ ਕੈਪਟਨ ਹਰਦੀਪ ਸਿੰਘ ਰੰਧਾਵਾ, ਬਲਦੇਵ ਸਿੰਘ ਪੂਨੀਆ, ਸੂਰਤ ਸਿੰਘ ਕਾਦਰਵਾਲਾ, ਹਰਦਿਆਲ ਸਿੰਘ ਅਲੀਪੁਰ ਆਦਿ ਅਹੁਦੇਦਾਰ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e

 


author

Babita

Content Editor

Related News