ਵੱਡਾ ਉਪਰਾਲਾ: ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ 6,50,000 ਪੌਦੇ ਲਗਾ ਕੇ ਵਾਤਾਵਰਣ ਨੂੰ ਕੀਤਾ ਜਾਵੇਗਾ ਸ਼ੁੱਧ
Thursday, May 21, 2026 - 02:56 AM (IST)
ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਸ੍ਰੀ ਗੁਰੂ ਰਵਿਦਾਸ ਜੀ ਦੇ ਮਨਾਏ ਜਾ ਰਹੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲਗਾਏ ਜਾਣ ਵਾਲੇ ਪੌਦਿਆਂ ਲਈ ਚਲਾਈ ਗਈ ਮੁਹਿੰਮ ਅਧੀਨ ਅਤੇ ਸਥਾਪਿਤ ਕੀਤੀਆਂ ਜਾਣ ਵਾਲੀਆਂ ਗੁਰੂ ਰਵਿਦਾਸ ਜੀ ਬਗੀਚੀਆਂ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਡਾ. ਜਸਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਅੰਦਰ ਆਯੋਜਿਤ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਅਟਲ ਮਹਾਜਨ ਵਣ ਮੰਡਲ ਅਫਸਰ ਪਠਾਨਕੋਟ, ਡੀਜੀ ਸਿੰਘ ਡਿਪਟੀ ਡੀਈਓ ਐਲੀਮੈਂਟਰੀ, ਵੱਖ-ਵੱਖ ਬਲਾਕਾਂ ਦੇ ਬਲਾਕ ਵਿਕਾਸ ਅਫਸਰ, ਵੀਐੱਸਐੱਫ ਅਤੇ ਆਰਮੀ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਵੱਖ-ਵੱਖ ਸੰਬੰਧਿਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਵਿਆਹ ਕਰਵਾਉਣ ਆਈ 72 ਸਾਲਾ NRI ਮਹਿਲਾ ਦੇ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸਾ
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਜਸਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ 6,50,000 ਪੌਦੇ ਲਗਾਏ ਜਾਣੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 650 ਏਕੜ ਜ਼ਮੀਨ ਉੱਤੇ ਰਵਿਦਾਸ ਬਗੀਚੀਆਂ ਦਾ ਵੀ ਨਿਰਮਾਣ ਕੀਤਾ ਜਾਣਾ ਹੈ। ਉਹਨਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀ ਪਲੈਨਿੰਗ ਦੇ ਤੌਰ 'ਤੇ 6.50 ਲੱਖ ਪੌਦੇ ਲਗਾਏ ਜਾਣੇ ਹਨ। ਉਹਨਾਂ ਵਿੱਚੋਂ 1.17 ਲੱਖ ਪੌਦੇ ਵੱਖ-ਵੱਖ ਸਰਕਾਰੀ ਵਿਭਾਗਾਂ ਸਕੂਲਾਂ/ ਕਾਲਜਾਂ ਵੱਲੋਂ ਅਤੇ ਪੰਚਾਇਤੀ ਲੈਂਡ ਆਦਿ ਵਿੱਚ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਨਿਰਧਾਰਿਤ ਕੀਤੇ ਟੀਚੇ ਅਧੀਨ 40 ਹਜ਼ਾਰ ਪੌਦੇ ਡਿਫੈਂਸ ਵੱਲੋਂ, 60 ਹਜ਼ਾਰ ਪੌਦੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ, 5 ਹਜ਼ਾਰ ਪੌਦੇ ਸਿੱਖਿਆ ਵਿਭਾਗ ਵੱਲੋਂ, 10 ਹਜ਼ਾਰ ਪੌਦੇ ਨਹਿਰੀ ਅਤੇ ਜਲ ਸਰੋਤ ਅਤੇ ਮਾਈਨਿੰਗ ਵਿਭਾਗ ਵੱਲੋਂ, 2000 ਪੌਦੇ ਸਿੰਚਾਈ ਵਿਭਾਗ ਵੱਲੋਂ, 2500 ਪੌਦੇ ਨਗਰ ਨਿਗਮ/ਨਗਰ ਕੌਂਸਲ ਵੱਲੋਂ, 1000 ਪੌਦੇ ਪੁਲਸ ਵਿਭਾਗ ਵੱਲੋਂ ਅਤੇ ਬਾਕੀ ਪੌਦੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਲਗਾਏ ਜਾਣੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
