ਦਾਜ ਦੀ ਖਾਤਰ ਨੂੰਹ ਨੂੰ ਘਰੋਂ ਕੱਢਿਆ

11/17/2017 1:34:16 AM

ਮੋਗਾ,  (ਆਜ਼ਾਦ)-  ਜ਼ਿਲੇ ਦੇ ਪਿੰਡ ਦੀ ਇਕ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਖ਼ਾਤਰ ਵਿਆਹ ਦੇ 7 ਮਹੀਨਿਆਂ ਬਾਅਦ ਹੀ ਘਰ 'ਚੋਂ ਕੱਢਣ ਤੋਂ ਇਲਾਵਾ ਕੁੱਟਮਾਰ ਕਰ ਕੇ ਉਸ ਦਾ ਗਰਭ ਗਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪਤੀ ਸਮੇਤ ਸਹੁਰਾ ਪਰਿਵਾਰ ਦੇ 5 ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ : ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 9 ਅਪ੍ਰੈਲ, 2017 ਨੂੰ ਗੁਰਭੇਜ ਸਿੰਘ ਪੁੱਤਰ ਬੂਟਾ ਸਿੰਘ ਨਿਵਾਸੀ ਪਿੰਡ ਗਾਮੇ ਵਾਲੀ ਬਸਤੀ (ਫਿਰੋਜ਼ਪੁਰ) ਨਾਲ ਧਾਰਮਕ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਸਮੇਂ ਮੇਰੇ ਪੇਕਿਆਂ ਵਾਲਿਆਂ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਪਰ ਦਾਜ ਤੋਂ ਮੇਰਾ ਪਤੀ ਤੇ ਸਹੁਰਾ ਪਰਿਵਾਰ ਖੁਸ਼ ਨਹੀਂ ਸੀ ਅਤੇ ਉਹ ਮੈਨੂੰ ਪੇਕਿਆਂ ਤੋਂ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗੇ। 
ਇਸ ਸਬੰਧੀ ਮੈਂ ਆਪਣੇ ਪੇਕੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੇਰੇ ਪਤੀ ਤੋਂ ਇਲਾਵਾ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪੰਚਾਇਤ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਕੋਈ ਗੱਲ ਨਾ ਸੁਣੀ ਅਤੇ ਮੇਰੇ ਨਾਲ ਕੁੱਟਮਾਰ ਕਰਨ ਲੱਗੇ। ਪੀੜਤਾ ਨੇ ਦੋਸ਼ ਲਾਇਆ ਕਿ ਅਗਸਤ ਮਹੀਨੇ 'ਚ ਜਦੋਂ ਉਹ 5 ਮਹੀਨਿਆਂ ਦੀ ਗਰਭਵਤੀ ਸੀ ਤਾਂ ਉਨ੍ਹਾਂ ਵੱਲੋਂ ਇੰਨੀ ਕੁੱਟਮਾਰ ਕੀਤੀ ਗਈ ਕਿ ਮੇਰਾ ਗਰਭ ਗਿਰਾ ਦਿੱਤਾ। ਮੇਰੇ ਸਹੁਰੇ ਪਰਿਵਾਰ ਨੇ ਮੇਰੇ ਦਾਜ ਦਾ ਸਾਰਾ ਸਾਮਾਨ ਵੀ ਹੜੱਪ ਕਰ ਲਿਆ ਅਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ।
ਕੀ ਹੋਈ ਪੁਲਸ ਕਾਰਵਾਈ : ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐੱਸ. ਪੀ. ਆਈ. ਮੋਗਾ ਨੂੰ ਕਰਨ ਦਾ ਹੁਕਮ ਦਿੱਤਾ, ਜਿਨ੍ਹਾਂ ਨੇ ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਪੀੜਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਪੀੜਤਾ ਦੇ ਪਤੀ ਗੁਰਭੇਜ ਸਿੰਘ, ਸਹੁਰਾ ਬੂਟਾ ਸਿੰਘ, ਸੱਸ ਗੁਰਦੀਪ ਕੌਰ, ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਸਿਮਰਜੀਤ ਕੌਰ ਨਿਵਾਸੀ ਗਾਮੇ ਵਾਲੀ ਬਸਤੀ (ਫਿਰੋਜ਼ਪੁਰ) ਖ਼ਿਲਾਫ ਮਾਮਲਾ ਦਰਜ ਕੀਤਾ ਗਿਆ। ਥਾਣਾ ਮੁਖੀ ਲਛਮਣ ਸਿੰਘ ਨੇ ਦੱਸਿਆ ਕਿ ਉਹ ਕਥਿਤ ਦੋਸ਼ੀਆਂ ਦੀ ਭਾਲ ਕਰ ਰਹੇ ਹਨ ਪਰ ਅਜੇ ਤੱਕ ਉਹ ਕਾਬੂ ਨਹੀਂ ਆ ਸਕੇ।


Related News