ਦਾਜ ਖਾਤਿਰ ਨੂੰਹ ਦੀ ਕੀਤੀ ਕੁੱਟ-ਮਾਰ

Wednesday, Jul 04, 2018 - 06:33 AM (IST)

ਦਾਜ ਖਾਤਿਰ ਨੂੰਹ ਦੀ ਕੀਤੀ ਕੁੱਟ-ਮਾਰ

ਖਰੜ,  (ਅਮਰਦੀਪ)–  ਦਾਜ ਦੇ ਲੋਭੀ ਸਹੁਰਾ ਪਰਿਵਾਰ ਨੇ ਨੂੰਹ ਦੀ ਕੁੱਟ-ਮਾਰ ਕੀਤੀ ਹੈ। ਸਿਵਲ ਹਸਪਤਾਲ ਖਰੜ ਵਿਖੇ ਜ਼ੇਰੇ ਇਲਾਜ ਮਨਦੀਪ ਕੌਰ ਵਾਸੀ ਪਿੰਡ ਘੜੌਲੀ ਨੇ ਦੱਸਿਆ ਕਿ ਉਸ ਦਾ ਵਿਆਹ ਚਾਰ ਸਾਲ ਪਹਿਲਾਂ ਪਿੰਡ ਤੀੜਾ ਵਿਖੇ ਸੁਰਿੰਦਰ ਸਿੰਘ ਨਾਲ ਹੋਇਆ ਸੀ ਤੇ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਸਹੁਰਾ ਪਰਿਵਾਰ ਵਾਲੇ ਖੁਸ਼ ਨਹੀਂ ਹੋਏ ਤੇ ਉਸ ਨੂੰ ਹੋਰ ਦਾਜ ਲਿਆਉਣ ਲਈ ਜ਼ੋਰ ਪਾਉਂਦੇ ਤੇ ਉਸਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਹਨ। 
ਪੀੜਤਾ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਦਿਖਾਈ ਨਹੀਂ ਦਿੰਦਾ ਤੇ ਪਿਤਾ ਦੀ ਆਮਦਨ ਦਾ ਕੋਈ ਸਾਧਨ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚਲਦਾ ਹੈ ਪਰ ਫਿਰ ਵੀ ਉਸ ਦੇ ਸਹੁਰਾ ਪਰਿਵਾਰ ਵਾਲੇ ਹੋਰ ਦਾਜ ਲਿਆਉਣ ਲਈ ਜ਼ੋਰ ਪਾ ਕੇ ਉਸ ਦੀ ਕੁੱਟ-ਮਾਰ ਕਰਦੇ ਰਹਿੰਦੇ ਹਨ। ਪੀੜਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਸਹੁਰਾ ਪਰਿਵਾਰ ਨੇ ਉਸਦੀ ਕੁੱਟ-ਮਾਰ ਕਰਕੇ ਉਸਦੇ ਕੱਪੜੇ ਪਾੜ ਦਿੱਤੇ ਤੇ ਘਰੋਂ ਕੱਢ ਦਿੱਤਾ। ਉਸ ਦੀ ਮਾਤਾ ਨੇ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਵਿਖੇ ਦਾਖਲ ਕਰਵਾਇਆ ਹੈ। 
ਪੀੜਤਾ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਦਰਖਾਸਤ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਦਿੱਤੀ ਸੀ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਉਸ ਦੇ ਸਹੁਰਾ ਪਰਿਵਾਰ ਦਾ ਇਕ ਰਿਸ਼ਤੇਦਾਰ ਮੁਲਾਜ਼ਮ ਲੱਗਾ ਹੋਇਆ ਹੈ, ਜੋ ਕਿ ਕਾਰਵਾਈ ਨਹੀਂ ਹੋਣ ਦਿੰਦਾ। ਅੱਜ ਪੀੜਤ ਲੜਕੀ ਦਾ ਹਾਲ-ਚਾਲ ਪੁੱਛਣ ਲਈ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਸ਼ਿਬਾਨਾ ਬੇਗਮ ਘੜੂੰਆਂ ਪੁੱਜੇ ਤੇ ਉਸ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਪੀੜਤ ਲੜਕੀ ਨੇ ਜ਼ਿਲਾ ਪੁਲਸ ਮੁਖੀ ਕੁਲਦੀਪ ਸਿੰਘ ਚਾਹਲ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ ਤੇ ਥਾਣਾ ਮੁਲਾਂਪੁਰ ਗਰੀਬਦਾਸ ਦੇ ਐੱਸ. ਐੱਚ. ਓ. ਨੂੰ ਉਸਦੇ ਸਹੁਰਾ ਪਰਿਵਾਰ 'ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਉਥੇ ਹੀ ਪੀੜਤਾ ਦੇ ਸਹੁਰਾ ਪਰਿਵਾਰ ਨੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। 


Related News