ਦਾਜ ਲਈ ਤੰਗ ਪਰੇਸ਼ਾਨ ਕਰਨ ''ਤੇ ਸੱਸ ਸਹੁਰੇ ਨੂੰ ਦੋ-ਦੋ ਸਾਲ ਦੀ ਕੈਦ ਤੇ ਜ਼ੁਰਮਾਨਾ

12/20/2017 6:32:46 PM

ਕਪੂਰਥਲਾ (ਮਲਹੋਤਰਾ)— ਮਾਣਯੋਗ ਏ. ਸੀ. ਜੇ. ਐੱਮ. ਮਨਪ੍ਰੀਤ ਕੌਰ ਦੀ ਅਦਾਲਤ 'ਚ ਚੱਲ ਰਹੇ ਦਾਜ ਪ੍ਰਤਾੜਨਾ ਦੇ ਇਕ ਮਾਮਲੇ 'ਚ ਆਪਣਾ ਫੈਸਲਾ ਸੁਣਾਉਂਦੇ ਹੋਏ ਪੀੜਤ ਮਹਿਲਾ ਦੇ ਸੱਸ ਅਤੇ ਸਹੁਰੇ ਨੂੰ ਦੋ-ਦੋ ਸਾਲ ਦੀ ਕੈਦ ਅਤੇ ਦੋ-ਦੋ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾ ਨਾ ਦੇਣ ਦੀ ਸੂਰਤ 'ਚ ਦੋਵੇਂ ਦੋਸ਼ੀਆਂ ਨੂੰ ਐਡੀਸ਼ਨਲ ਸਜ਼ਾ ਭੁਗਤਣੀ ਹੋਵੇਗੀ। ਇਸ ਮਾਮਲੇ 'ਚ ਮੁੱਖ ਦੋਸ਼ੀ ਪੀੜਤ ਮਹਿਲਾ ਦਾ ਪਤੀ ਪੀ. ਓ. ਐਲਾਨ ਕੀਤਾ ਜਾ ਚੁਕਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਪੁਲਸ ਨੂੰ ਦਿੱਤੇ ਗਏ ਆਪਣੇ ਸ਼ਿਕਾਇਤ ਪੱਤਰ ਨੂੰ ਗਗਨਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਨਿਵਾਸੀ ਨਜਦੀਕ ਆਰ.ਸੀ.ਐੱਫ ਕਪੂਰਥਲਾ ਨੇ ਦਸਿਆ ਕਿ ਉਸ ਦਾ ਵਿਆਹ 31 ਅਕਤੂਬਰ 2003 ਨੂੰ ਇਕ ਪੈਲੇਸ 'ਚ ਸਿੱਖ ਮਰਿਯਾਦਾ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਦੇ ਨਾਲ ਹੋਇਆ ਸੀ। ਉਸ ਦੇ ਮਾਤਾ ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਵਿਆਹ 'ਚ ਖਰਚ ਕੀਤਾ ਸੀ ਪਰ ਕੁਝ ਸਮੇਂ ਬਾਅਦ ਹੀ ਉਸ ਦੇ ਸਹੁਰੇ ਪੱਖ ਵਾਲੇ ਦਾਜ ਘੱਟ ਲਿਆਉਣ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰਨ ਲੱਗੇ। ਉਸ ਨੂੰ ਤੰਗ ਪਰੇਸ਼ਾਨ ਕਰਨ ਵਾਲਿਆਂ 'ਚ ਉਸ ਦਾ ਸਹੁਰਾ ਅਮਰੀਕ ਸਿੰਘ, ਸੱਸ ਪਰਮਜੀਤ ਕੌਰ, ਨਨਾਣ ਸੁਖਜੀਤ ਕੌਰ ਅਤੇ ਉਸ ਦਾ ਪਤੀ ਹਰਪ੍ਰੀਤ ਸਿੰਘ ਸੀ। 
ਥਾਣਾ ਸਦਰ ਦੀ ਪੁਲਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ ਤੋਂ ਬਾਅਦ ਮਿਲੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੋਂ ਬਾਅਦ ਦੋਸ਼ੀਆਂ ਖਿਲਾਫ ਦਾਜ ਪ੍ਰਤਾੜਨਾ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਸੀ। ਕਈ ਸਾਲਾਂ ਤੱਕ ਮਾਣਯੋਗ ਅਦਾਲਤ 'ਚ ਦਾਜ ਪ੍ਰਤਾੜਨਾ ਨੂੰ ਲੈ ਕੇ ਦੋਵੇਂ ਪੱਖਾਂ 'ਚ ਦਲੀਲਾਂ ਹੋਣ ਉਪਰੰਤ ਮਾਣਯੋਗ ਮਨਪ੍ਰੀਤ ਕੌਰ ਦੀ ਆਦਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਪੀੜਤ ਵਿਆਹੁਤਾ ਮਹਿਲਾ ਦੇ ਸਹੁਰੇ ਅਮਰੀਕ ਸਿੰਘ ਅਤੇ ਸੱਸ ਪਰਮਜੀਤ ਕੌਰ ਨੂੰ ਦੋ-ਦੋ ਸਾਲ ਦੀ ਕੈਦ ਅਤੇ ਦੋ-ਦੋ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਮਾਣਯੋਗ ਅਦਾਲਤ ਨੇ ਮਾਮਲੇ ਦੇ ਮੁੱਖ ਦੋਸ਼ੀ ਸ਼ਿਕਾਇਤਕਰਤਾ ਮਹਿਲਾ ਦੇ ਪਤੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਹੀ ਪੀ. ਓ. ਐਲਾਨ ਕੀਤਾ ਜਾ ਚੁਕਾ ਹੈ ਅਤੇ ਮਾਮਲੇ 'ਚ ਇਕ ਦੋਸ਼ੀ ਸੁਖਜੀਤ ਕੌਰ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕਰ ਦਿੱਤਾ ਗਿਆ।
 


Related News