ਸਹੁਰਿਆਂ ਨੇ ਦਾਜ ਦੀ ਬਲੀ ਚਾੜ੍ਹੀ ਨੂੰਹ, ਦੁਖੀ ਮਾਪਿਆਂ ਨੇ ਲਾਈ ਇਨਸਾਫ ਦੀ ਗੁਹਾਰ

Thursday, Oct 05, 2017 - 05:00 PM (IST)

ਸਹੁਰਿਆਂ ਨੇ ਦਾਜ ਦੀ ਬਲੀ ਚਾੜ੍ਹੀ ਨੂੰਹ, ਦੁਖੀ ਮਾਪਿਆਂ ਨੇ ਲਾਈ ਇਨਸਾਫ ਦੀ ਗੁਹਾਰ

ਮੰਡੀ ਲਾਧੂਕਾ (ਸੰਧੂ ) : ਸਦਰ ਥਾਣਾ ਜਲਾਲਾਬਾਦ 'ਚ ਪੈਂਦੇ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ੍ਹ ਦੇ ਵਾਸੀ ਸੋਨ ਸਿੰਘ ਪੁੱਤਰ ਮਿਲਖਾ ਸਿੰਘ ਨੇ ਦਾਜ ਦੀ ਖਾਤਰ ਮਾਰੀ ਗਈ ਧੀ ਲਈ ਪੁਲਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਬਿਆਨ ਹਲਫੀ ਜਾਰੀ ਕਰਦੇ ਹੋਏ ਸੋਨਾ ਸਿੰਘ ਨੇ ਪੁਲਸ 'ਤੇ ਦੋਸ਼ ਲਾਇਆ ਹੈ ਕਿ ਦਾਜ ਦੀ ਬਲੀ ਚੜ੍ਹੀ ਉਸ ਦੀ ਧੀ ਨੂੰ ਮਾਰਨ ਵਾਲੇ ਸਹੁਰਾ ਪਰਿਵਾਰ ਨੂੰ ਪੁਲਸ ਨੇ ਸਿਆਸੀ ਸ਼ਹਿ 'ਤੇ ਆਪਸੀ ਮਿਲੀ-ਭੁਗਤ ਕਰਕੇ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਗ੍ਰਿਫ਼ਤਾਰ ਨਹੀ ਕੀਤਾ। ਸੋਨਾ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਦੀ ਧੀ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਪਿੰਡ ਚੱਕ ਮੁਹੰਮਦੇ ਵਾਲਾ ਦੇ ਵਿਆਹੀ ਹੋਈ ਸੀ ਅਤੇ ਦਾਜ ਦੀ ਮੰਗ ਨੂੰ ਲੈ ਕੇ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਅਕਸਰ ਹੀ ਤੰਗ-ਪਰੇਸ਼ਾਨ ਕਰਦਾ ਸੀ ਅਤੇ ਇੱਕ ਦਿਨ ਵੱਡੀ ਕਾਰ ਦੀ ਮੰਗ ਨੂੰ ਲੈ ਕੇ ਉਕਤ ਦੋਸ਼ੀਆਨ ਨੇ ਉਨ੍ਹਾਂ ਦੀ ਧੀ ਨੂੰ ਕੁੱਟਮਾਰ ਕੇ ਘਰੋਂ ਕੱਢ ਦਿੱਤਾ ਸੀ। ਜਿਸ ਤੋ ਕੁਝ ਸਮਾਂ ਬਾਅਦ ਪੰਚਾਇਤ ਬੈਠੀ ਅਤੇ ਪੰਚਾਇਤ 'ਚ ਦੋਸ਼ੀਆਂ ਨੇ ਵੱਡੀ ਕਾਰ ਦੀ ਮੰਗ ਕੀਤੀ।
ਇਸ ਤੋਂ ਬਾਅਦ ਸੋਨਾ ਸਿੰਘ ਨੇ ਦੋਸ਼ੀਆਂ ਦੀ ਮੰਗ ਨੂੰ ਮੰਨ ਕੇ ਝੋਨੇ ਦੀ ਫ਼ਸਲ 'ਚ ਕਾਰ ਦੇਣ ਦਾ ਵਾਅਦਾ ਕੀਤਾ ਪਰ ਉਕਤ ਦੋਸ਼ੀਆਂ ਨੇ ਭਰੀ ਪੰਚਾਇਤ 'ਚ ਸ਼ਰਤ ਰੱਖੀ ਕੇ ਉਹ ਲੜਕੀ ਨੂੰ ਆਪਣੇ ਨਾਲ ਤਾਂ ਲੈ ਕੇ ਜਾਣਗੇ, ਜਦੋਂ ਲੜਕੀ ਦਾ ਪਿਤਾ ਉਨ੍ਹਾਂ ਨੂੰ ਜ਼ਮਾਨਤ ਵਜੋਂ ਖਾਲੀ ਚੈੱਕ ਦੇਵੇਗਾ ਅਤੇ ਲੜਕੀ ਦੇ ਪਿਤਾ ਨੇ ਆਪਣੀ ਧੀ ਨੂੰ ਆਪਣੇ ਸਹੁਰੇ ਘਰ ਵੱਸਦਾ ਦੇਖਣ ਲਈ ਉਨ੍ਹਾਂ ਨੂੰ ਦੋ ਖਾਲੀ ਚੈੱਕ ਦਸਤਖਤ ਕਰਕੇ ਦੇ ਦਿੱਤੇ ਅਤੇ ਝੋਨੇ ਦੀ ਫ਼ਸਲ ਵੇਚ ਕੇ ਵੱਡੀ ਕਾਰ ਦੇ ਕੇ ਚੈੱਕ ਵਾਪਸ ਲੈਣ ਦੀ ਗੱਲ ਵੀ ਕਹੀ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਉਕਤ ਦੋਸ਼ੀਆਨ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ, ਕਸ਼ਮੀਰ ਸਿੰਘ ਪੁੱਤਰ ਜੱਗਾ ਸਿੰਘ, ਗੁੱਡੋ ਬਾਈ ਪਤਨੀ ਕਸ਼ਮੀਰ ਸਿੰਘ ਵਾਸੀਆਨ ਚੱਕ ਮੁਹੰਮਦੇ ਵਾਲਾ ਤੇ ਵੀਨਾ ਰਾਣੀ ਪਤਨੀ ਸ਼ਾਮ ਸਿੰਘ ਮਾਸ਼ਟਰ ਵਾਸੀ ਬਾਹਮਣੀ ਵਾਲਾ, ਪ੍ਰਕਾਸ਼ ਕੋਰ ਪਤਨੀ ਬਲਵਿੰਦਰ ਸਿੰਘ ਵਾਸੀ ਥਾਰਾ ਸਿੰਘ ਵਾਲਾ ਨੇ ਉਨ੍ਹਾਂ ਦੀ ਧੀ ਦਾਜ ਦੀ ਬਲੀ ਚਾੜ੍ਹ ਦਿੱਤਾ। ਜਿਸ ਤੋ ਬਾਅਦ ਪੁਲਸ ਵਲੋਂ ਮਾਮਲਾ ਦਰਜ ਕੀਤਾ ਸੀ। ਮ੍ਰਿਤਕ ਦੇ ਪਿਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਦੋਸ਼ੀਆਨ ਨੂੰ ਪੁਲਸ ਦੀ ਅਤੇ ਸਿਆਸੀ ਸ਼ਹਿ ਹੋਣ ਕਾਰਨ ਉਹ ਖੁੱਲੇਆਮ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਕਹਿੰਦੇ ਹਨ ਕਿ ਸਾਡੇ ਪੁਲਸ ਦੇ ਵੱਡੇ ਅਫ਼ਸਰਾ ਨਾਲ ਸਬੰਧ ਹਨ। ਪਹਿਲਾ ਮੁਕੱਦਮਾ ਦਰਜ ਕਰਵਾ ਕੇ ਸਾਡਾ ਕੀ ਕਰ ਲਿਆ ਹੈ ਤੇ ਨਾ ਹੀ ਸਾਨੂੰ ਕੋਈ ਗ੍ਰਿਫ਼ਤਾਰ ਕਰ ਸਕਦਾ ਹੈ ਅਤੇ ਜਲਦੀ ਹੀ ਚੱਲ ਰਹੀ ਇਨਕੁਆਰੀ ਆਪਣੇ ਹੱਕ 'ਚ ਕਰਵਾ ਕੇ ਪਰਚਾ ਖਾਰਜ ਕਰਵਾ ਲੈਣਗੇ। ਸੋਨਾ ਸਿੰਘ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਸ 'ਤੇ ਰਾਜ਼ੀਨਾਮੇ ਲਈ ਵੀ ਦੋਸ਼ੀਆਨ ਅਤੇ ਪੁਲਸ ਵਲੋਂ ਦਬਾਅ ਬਣਾਇਆ ਜਾ ਰਿਹਾ ਹੈ। ਦੋਸ਼ੀਆਨ ਪੁਲਸ ਨਾਲ ਮਿਲੀਭੁਗਤ ਕਰਕੇ ਸਬੂਤਾਂ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅੱਜ ਤੱਕ ਪੁਲਸ ਵਲੋਂ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀ ਕੀਤੀ ਗਈ ਅਤੇ ਹਰ ਵਾਰ ਉਨ੍ਹਾਂ ਵਲੋਂ ਟਾਲ-ਮਟੋਲ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੀੜਤ ਸੋਨਾ ਸਿੰਘ ਨੇ ਪੰਜਾਬ ਸਰਕਾਰ ਅਤੇ ਪੁਲਸ ਦੇ ਆਲਾ ਅਧਿਕਾਰੀਆਂ ਨੂੰ ਉੱਚ ਪੱਧਰੀ ਜਾਂਚ ਕਰਕੇ ਇਨਸਾਫ ਦੀ ਅਤੇ ਦਾਜ ਵਜੋਂ ਦਿੱਤੇ ਸਮਾਨ ਅਤੇ ਖਾਲੀ ਚੈੱਕਾਂ ਦੀ ਰਿਕਵਰੀ ਦੀ ਮੰਗ ਕੀਤੀ ਹੈ।


Related News