ਵਿਆਹ ਦੇ ਦੋ ਮਹੀਨੇ ਬਾਅਦ ਹੀ ਸਹੁਰੇ ਪਰਿਵਾਰ ਨੇ ਦਿਖਾਏ ਅਜਿਹੇ ਰੰਗ ਕਿ ਦੇਖ ਹਰ ਕੋਈ ਰਹਿ ਗਿਆ ਦੰਗ
Sunday, Aug 13, 2017 - 07:12 PM (IST)
ਰਾਹੋਂ(ਪ੍ਰਭਾਕਰ)— ਹਰ ਮਾਂ-ਬਾਪ ਆਪਣੀ ਹੈਸੀਅਤ ਦੇ ਮੁਤਾਬਕ ਧੀ ਦੇ ਵਿਆਹ 'ਚ ਪੈਸਾ ਖਰਚ ਕਰਦਾ ਹੈ। ਧੀ ਨੂੰ ਲੋੜ ਦੇ ਮੁਤਾਬਕ ਦਾਜ ਦੇਣ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ, ਇਸ ਦੇ ਲਈ ਉਹ ਹਰ ਮੁਸੀਬਤ ਨੂੰ ਮੋਲ ਲੈਂਦੇ ਹਨ ਤਾਂਕਿ ਧੀ ਆਪਣੇ ਸਹੁਰੇ ਪਰਿਵਾਰ 'ਚ ਸੁਖੀ ਰਹਿ ਸਕੇ। ਫਿਰ ਵੀ ਜਦੋਂ ਦਾਜ ਘੱਟ ਲਿਆਉਣ ਦੇ ਤਾਅਨੇ ਦੇ ਕੇ ਸਹੁਰੇ ਪਰਿਵਾਰ ਵੱਲੋਂ ਨੂੰਹ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ ਤਾਂ ਮਾਪੇ ਬੇਹੱਦ ਦੁਖੀ ਹੁੰਦੇ ਹਨ। ਅਜਿਹਾ ਹੀ ਕੁਝ ਨਵਾਂਸ਼ਹਿਰ 'ਚ ਦੇਖਣ ਨੂੰ ਮਿਲਿਆ, ਜਿੱਥੇ ਵਿਆਹ ਦੇ 2 ਮਹੀਨਿਆਂ ਬਾਅਦ ਹੀ ਸਹੁਰੇ ਪਰਿਵਾਰ ਨੇ ਨੂੰਹ ਨੂੰ ਦਾਜ ਘੱਟ ਲਿਆਉਣ ਦੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ, ਹੱਦ ਤਾਂ ਉਦੋਂ ਹੋ ਗਈ ਜਦੋਂ ਉਨ੍ਹਾਂ ਨੇ ਆਪਣੀ ਹੀ ਨੂੰਹ ਨੂੰ ਇਕ ਲੜਕੀ ਦੀ ਤਸਵੀਰ ਭੇਜ ਕੇ ਇਹ ਕਹਿ ਦਿੱਤਾ ਕਿ ਅਸੀਂ ਇਸ ਲੜਕੀ ਨਾਲ ਆਪਣੇ ਪੁੱਤ ਦਾ ਵਿਆਹ ਕਰਨਾ ਹੈ, ਤੂੰ ਤਲਾਕ ਦੇ ਦੇ। ਨੂੰਹ ਨੂੰ ਤੰਗ-ਪਰੇਸ਼ਾਨ ਕਰਕੇ ਦਾਜ ਮੰਗਣ ਵਾਲੇ ਸਹੁਰੇ ਪਰਿਵਾਰ ਦੇ ਦੋ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਨੀਲਮ ਰਾਣੀ ਪੁੱਤਰੀ ਮਹਿੰਦਰ ਪਾਲ ਵਾਸੀ ਪਿੰਡ ਸੁਲਤਾਨਪੁਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ, ''ਮੇਰਾ ਵਿਆਹ 21 ਮਾਰਚ 2016 ਨੂੰ ਵਰਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਭਾਰਟਾ ਖੁਰਦ ਜ਼ਿਲਾ ਨਵਾਂਸ਼ਹਿਰ ਨਾਲ ਹੋਇਆ ਸੀ। ਵਿਆਹ ਸਮੇਂ ਮੇਰੇ ਪਿਤਾ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਸੀ। ਮੇਰਾ ਪਤੀ ਵਰਿੰਦਰ ਸਿੰਘ ਕੁਵੈਤ 'ਚ ਨੌਕਰੀ ਕਰਦਾ ਹੈ। ਵਿਆਹ ਤੋਂ ਦੋ ਮਹੀਨੇ ਬਾਅਦ ਹੀ ਉਹ ਵਿਦੇਸ਼ ਚਲਾ ਗਿਆ ਸੀ। ਉਸ ਪਿੱਛੋਂ ਸਹੁਰੇ ਪਰਿਵਾਰ ਨੇ ਮੈਨੂੰ ਘੱਟ ਦਾਜ ਲਿਆਉਣ ਦੇ ਤਾਅਨੇ-ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਘਰੋਂ ਕੱਢ ਦਿੱਤਾ। ਜਨਵਰੀ 2017 ਨੂੰ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਮੈਨੂੰ ਇਕ ਅਣਪਛਾਤੀ ਕੁੜੀ ਦੀ ਫੋਟੋ ਭੇਜ ਕੇ ਕਿਹਾ ਕਿ ਅਸੀਂ ਇਸ ਲੜਕੀ ਨਾਲ ਆਪਣੇ ਲੜਕੇ ਦਾ ਵਿਆਹ ਕਰਵਾਉਣਾ ਹੈ, ਤੂੰ ਤਲਾਕ ਦੇ-ਦੇ। 8 ਮਾਰਚ 2017 ਨੂੰ ਮੇਰਾ ਪਤੀ ਕੁਵੈਤ ਤੋਂ ਵਾਪਸ ਆਇਆ ਪਰ ਉਹ ਮੈਨੂੰ ਲੈਣ ਵੀ ਨਹੀਂ ਆਇਆ।'' ਪੁਲਸ ਨੇ ਦੱਸਿਆ ਕਿ ਨੀਲਮ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਵਰਿੰਦਰ ਅਤੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਕਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
