ਹੁਣ ਦੋਪਹੀਆ ਵਾਹਨ 'ਤੇ ਦੋ ਜਣੇ ਕਰ ਸਕਣਗੇ ਸਫ਼ਰ ਪਰ ਫ਼ਾਲਤੂ ਘੁੰਮਣ ਤੋਂ ਬਚੋ

Tuesday, Jun 02, 2020 - 03:07 PM (IST)

ਹੁਣ ਦੋਪਹੀਆ ਵਾਹਨ 'ਤੇ ਦੋ ਜਣੇ ਕਰ ਸਕਣਗੇ ਸਫ਼ਰ ਪਰ ਫ਼ਾਲਤੂ ਘੁੰਮਣ ਤੋਂ ਬਚੋ

ਲੁਧਿਆਣਾ (ਸੰਨੀ) : ਤਾਲਾਬੰਦੀ ਤੋਂ ਬਾਅਦ 1 ਜੂਨ ਤੋਂ ਲੈ ਕੇ 30 ਜੂਨ ਤੱਕ ਕੀਤੇ ਗਏ ਆਨਲਾਕ-1 'ਚ ਕੇਂਦਰ ਅਤੇ ਰਾਜ ਸਰਕਾਰ ਨੇ ਦੋਪਹੀਆ ਵਾਹਨ ’ਤੇ ਦੋ ਸਵਾਰੀਆਂ ਬਿਠਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਇਸ ਦੇ ਨਾਲ ਹੀ ਫਾਲਤੂ ਘੁੰਮਣ ਤੋਂ ਬਚਣ ਅਤੇ ਸਾਰੀਆਂ ਹਦਾਇਤਾਂ ’ਤੇ ਅਮਲ ਕਰਨ ਲਈ ਬੋਲਿਆ ਗਿਆ ਹੈ ਜਦੋਂ ਕਿ ਕਾਰ, ਬੱਸਾਂ ਅਤੇ ਆਟੋ ਰਿਕਸ਼ਾ ’ਤੇ ਸਮਾਜਿਕ ਦੂਰੀ ਦੀਆਂ ਪਾਬੰਦੀਆਂ ਜਾਰੀ ਰਹਿਣਗੀਆਂ।

ਇਸ ਤੋਂ ਪਹਿਲਾਂ ਦੋਪਹੀਆ ਵਾਹਨ ’ਤੇ ਦੋ ਸਵਾਰੀਆਂ ਬਿਠਾ ਕੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਦੇ ਦੋਸ਼ ’ਚ ਪੁਲਸ ਵਿਭਾਗ ਵੱਲੋਂ ਚਲਾਨ ਕੀਤੇ ਜਾ ਰਹੇ ਸਨ। ਹੁਣ ਨਵੇਂ ਨਿਰਦੇਸ਼ ਆਉਣ ਤੋਂ ਬਾਅਦ ਇਸ ਨੂੰ ਸਿਰਫ ਕਾਰਾਂ, ਬੱਸਾਂ ਅਤੇ ਆਟੋ ਰਿਕਸ਼ਾ 'ਤੇ ਹੀ ਲਾਗੂ ਕਰਵਾਇਆ ਜਾਵੇਗਾ। ਨਵੇਂ ਨਿਰਦੇਸ਼ਾਂ ਤਹਿਤ ਦੋਪਹੀਆ ਵਾਹਨ ’ਤੇ ਦੋ ਸਵਾਰੀਆਂ ਸਫ਼ਰ ਕਰ ਸਕਣਗੀਆਂ ਪਰ ਕਾਰ ਅਤੇ ਆਟੋ 'ਚ ਚਾਲਕ ਸਮੇਤ ਸਿਰਫ 3 ਲੋਕ ਹੀ ਸਫ਼ਰ ਕਰ ਸਕਣਗੇ, ਜਦੋਂ ਕਿ ਬੱਸਾਂ 'ਚ ਵੀ ਸਫ਼ਰ ਕਰਦੇ ਸਮੇਂ ਸਮਾਜਿਕ ਦੂਰੀ 'ਤੇ ਅਮਲ ਕਰਨਾ ਪਵੇਗਾ। ਇਸ ਬਾਰੇ 'ਚ ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਨਵੇਂ ਨਿਰਦੇਸ਼ਾਂ ਤਹਿਤ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News