ਬੈੱਡਰੂਮ ''ਚ ਟੋਆ ਪੁੱਟ ਕੇ ਕੁੜੀ ਨੂੰ ਦੱਬਣ ਵਾਲੇ ਮੰਗੇਤਰ ਦਾ ਇਕ ਹੋਰ ਖ਼ੌਫਨਾਕ ਕਾਰਨਾਮਾ ਆਇਆ ਸਾਹਮਣੇ
Saturday, Oct 23, 2021 - 11:07 AM (IST)
ਪਟਿਆਲਾ (ਬਲਜਿੰਦਰ) : ਆਪਣੀ ਮੰਗੇਤਰ ਨੂੰ ਮਾਰਨ ਮਗਰੋਂ ਬੈੱਡਰੂਮ 'ਚ ਟੋਆ ਪੁੱਟ ਕੇ ਦੱਬਣ ਵਾਲੇ ਨਵਨਿੰਦਰ ਪ੍ਰੀਤਪਾਲ ਸਿੰਘ ਦਾ ਇਕ ਹੋਰ ਖ਼ੌਫ਼ਨਾਕ ਕਾਰਨਾਮਾ ਸਾਹਮਣੇ ਆਇਆ ਹੈ। ਉਸ ਨੇ ਆਪਣੀ ਮੰਗੇਤਰ ਛਪਿੰਦਰਪਾਲ ਕੌਰ ਦਾ ਹੀ ਕਤਲ ਨਹੀਂ ਕੀਤਾ, ਸਗੋਂ ਇਸ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਸੁਖਦੀਪ ਕੌਰ ਦਾ ਵੀ ਨਾਈਟ੍ਰੋਜਨ ਗੈਸ ਮਾਸਕ ਨਾਲ ਸਾਹ ਘੁੱਟ ਕੇ ਕਤਲ ਕੀਤਾ ਸੀ। ਫਿਲਹਾਲ ਉਸ ਨੇ ਦੋਵੇਂ ਕਤਲ ਪੁਲਸ ਦੇ ਸਾਹਮਣੇ ਕਬੂਲ ਕਰ ਲਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਨਵਨਿੰਦਰ ਪ੍ਰੀਤਪਾਲ ਸਿੰਘ ਖ਼ਿਲਾਫ਼ ਜਿੱਥੇ 19 ਅਕਤੂਬਰ ਨੂੰ ਦਰਜ ਕੀਤੇ ਗਏ ਕੇਸ ’ਚ 302 ਆਈ. ਪੀ. ਸੀ. ਦਾ ਵਾਧਾ ਕਰ ਦਿੱਤਾ ਗਿਆ ਹੈ, ਉੱਥੇ ਸੁਖਦੀਪ ਕੌਰ ਦੇ ਕਤਲ ਦੇ ਮਾਮਲੇ ’ਚ ਵੀ ਨਵੀਂ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਤਰ੍ਹਾਂ ਪੁਲਸ ਨੇ ਇਕ ਨਹੀਂ, ਸਗੋਂ ਦੋਹਰੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਹੈ। ਪੁਲਸ ਲਾਈਨ ’ਚ ਪੱਤਰਕਾਰ ਵਾਰਤਾ ਦੌਰਾਨ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਦੋਹਰੇ ਕਤਲ ਦੀ ਗੁੱਥੀ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਡਾ. ਮਹਿਤਾਬ ਸਿੰਘ, ਡੀ. ਐੱਸ. ਪੀ. ਡੀ. ਮੋਹਿਤ ਅਗਰਵਾਲ, ਡੀ. ਐੱਸ. ਪੀ. ਸਿਟੀ-2 ਸੌਰਵ ਜਿੰਦਲ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਰੌਨੀ ਦੀ ਟੀਮ ਨੇ ਸੁਲਝਾਇਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : BSF ਮੁੱਦੇ 'ਤੇ ਮੁੱਖ ਮੰਤਰੀ ਚੰਨੀ ਨੇ ਸੱਦੀ ਸਰਵ ਪਾਰਟੀ ਬੈਠਕ
ਭੁੱਲਰ ਨੇ ਦੱਸਿਆ ਕਿ ਮ੍ਰਿਤਕ ਕੁੜੀ ਛਪਿੰਦਰਪਾਲ ਕੌਰ ਦੇ ਪਿਤਾ ਸੁਖਚੈਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਬਠਿੰਡਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਦੀ ਧੀ ਛਪਿੰਦਰਪਾਲ ਕੌਰ ਦਾ ਵਿਆਹ 20 ਅਕਤੂਬਰ ਨੂੰ ਨਵਨਿੰਦਰ ਪ੍ਰੀਤਪਾਲ ਸਿੰਘ ਨਾਲ ਹੋਣਾ ਸੀ। ਉਹ 11 ਅਕਤੂਬਰ ਨੂੰ ਬਠਿੰਡਾ ਤੋਂ ਪਟਿਆਲਾ ਗਈ ਸੀ। 14 ਅਕਤੂਬਰ ਨੂੰ ਨਵਨਿੰਦਰ ਪ੍ਰੀਤਪਾਲ ਸਿੰਘ ਨੇ ਸੁਖਚੈਨ ਸਿੰਘ ਦੇ ਪੁੱਤਰ ਨੂੰ ਫੋਨ ਕਰ ਕੇ ਕਿਹਾ ਕਿ ਛਪਿੰਦਰਪਾਲ ਕੌਰ ਕਿਤੇ ਚਲੀ ਗਈ ਹੈ ਅਤੇ ਫੋਨ ਇੱਥੇ ਹੀ ਰੱਖ ਗਈ ਹੈ। 15 ਅਕਤੂਬਰ ਨੂੰ ਆ ਕੇ ਜਦੋਂ ਉਨ੍ਹਾਂ ਨੇ ਭਾਲ ਕੀਤੀ ਤਾਂ ਕੁੜੀ ਦਾ ਕੁੱਝ ਪਤਾ ਨਹੀਂ ਲੱਗਿਆ ਤਾਂ ਪੁਲਸ ਨੂੰ ਰਿਪੋਰਟ ਦਰਜ ਕਰਵਾਈ ਗਈ। ਪੁਲਸ ਨੇ ਜਦੋਂ ਨਵਨਿੰਦਰ ਪ੍ਰੀਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਹ ਛਪਿੰਦਰਪਾਲ ਕੌਰ ਦੇ ਕਤਲ ਦੀ ਗੱਲ ਮੰਨ ਗਿਆ ਕਿ ਉਸ ਨੇ 13 ਅਕਤੂਬਰ ਨੂੰ ਛਪਿੰਦਰਪਾਲ ਕੌਰ ਨੂੰ ਮਾਰ ਕੇ ਆਪਣੇ ਹੀ ਬੈੱਡਰੂਮ ’ਚ ਟੋਆਪੱਟ ਦੇ ਦੱਬ ਦਿੱਤਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮਨਮੋਹਨ ਸਿੰਘ ਨਾਇਬ-ਤਹਿਸੀਲਦਾਰ ਪਟਿਆਲਾ ਦੀ ਹਾਜ਼ਰੀ ’ਚ ਘਰ ਦੇ ਬੈੱਡਰੂਮ ’ਚੋਂ ਛਪਿੰਦਰਪਾਲ ਕੌਰ ਦੀ ਲਾਸ਼ ਨੂੰ ਕੱਢਿਆ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 2 ਦਿਨ 'ਮੌਸਮ' ਰਹੇਗਾ ਖ਼ਰਾਬ, ਧੂੜ ਭਰੀ ਹਨ੍ਹੇਰੀ ਨਾਲ ਪੈ ਸਕਦੀ ਹੈ ਬਾਰਸ਼
ਆਪਣੀ ਪਤਨੀ ਦਾ ਵੀ ਇਸੇ ਤਰੀਕੇ ਕੀਤਾ ਕਤਲ
ਐੱਸ. ਐੱਸ. ਪੀ. ਨੇ ਦੱਸਿਆ ਕਿ ਨਵਨਿੰਦਰ ਪ੍ਰੀਤਪਾਲ ਸਿੰਘ ਤੋਂ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਅਇਆ ਕਿ ਉਸ ਨੇ ਇਕ ਹੋਰ ਕੁੜੀ ਸੁਖਦੀਪ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਤਹਿਸੀਲ ਸੁਨਾਮ, ਜ਼ਿਲ੍ਹ ਸੰਗਰੂਰ ਨਾਲ ਵੀ 12 ਫਰਵਰੀ, 2018 ਨੂੰ ਐੱਸ. ਐੱਸ. ਟੀ. ਨਗਰ ਵਿਖੇ ਵਿਆਹ ਕਰਾਇਆ ਸੀ। ਨਵਨਿੰਦਰ ਪ੍ਰੀਤਪਾਲ ਸਿੰਘ ਨੇ ਸੁਖਦੀਪ ਕੌਰ ਦਾ ਕਤਲ 19-20 ਸਤੰਬਰ ਦੀ ਦਰਮਿਆਨੀ ਰਾਤ ਨੂੰ ਕੀਤਾ ਸੀ। ਸੁਖਦੀਪ ਕੌਰ ਦੇ ਪੇਕੇ ਪਰਿਵਾਰ ਨੂੰ ਇਹ ਗੱਲ ਦੱਸੀ ਸੀ ਕਿ ਸੁਖਦੀਪ ਕੌਰ ਦੀ ਮੌਤ ਅਟੈਕ ਹੋਣ ਕਰ ਕੇ ਹੋਈ ਹੈ ਅਤੇ ਸੁਖਦੀਪ ਕੌਰ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਸੀ। ਸੁਖਦੀਪ ਕੌਰ ਸਾਲ 2009 ’ਚ ਆਈਲੈੱਟਸ ਦੀਆਂ ਕਲਾਸਾਂ ਲਗਾਉਣ ਵਾਸਤੇ ਪਟਿਆਲਾ ਆਉਂਦੀ ਸੀ, ਜਿੱਥੇ ਉਹ ਨਵਨਿੰਦਰ ਪ੍ਰੀਤਪਾਲ ਸਿੰਘ ਦੇ ਸੰਪਰਕ ’ਚ ਆ ਗਈ ਅਤੇ ਫਿਰ ਫਰਵਰੀ 2018 ਵਿਚ ਇਨ੍ਹਾਂ ਨੇ ਵਿਆਹ ਕਰਵਾ ਲਿਆ ਅਤੇ ਇਕੱਠੇ ਰਹਿਣ ਲੱਗ ਗਏ। ਨਵਨਿੰਦਰ ਪ੍ਰੀਤਪਾਲ ਸਿੰਘ ਮੁਤਾਬਕ ਸੁਖਦੀਪ ਕੌਰ ਬਾਅਦ ’ਚ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗ ਗਈ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਡੇਂਗੂ ਨਾਲ ਚੌਥੀ ਮੌਤ, 631 'ਤੇ ਪੁਜੀ ਕੁੱਲ ਮਰੀਜ਼ਾਂ ਦੀ ਗਿਣਤੀ
ਯੋਜਨਾਬੱਧ ਤਰੀਕੇ ਨਾਲ ਦਿੱਤਾ ਘਟਨਾਵਾਂ ਨੂੰ ਅੰਜ਼ਾਮ
ਇਹ ਦੋਵੇਂ ਕਤਲ ਨਵਨਿੰਦਰ ਪ੍ਰੀਤਪਾਲ ਸਿੰਘ ਨੇ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੀਤੇ। ਉਕਤ ਕਤਲਾਂ ’ਚ ਨਵਨਿੰਦਰ ਪ੍ਰੀਤਪਾਲ ਸਿੰਘ ਨੇ ਨਾਈਟ੍ਰੋਜਨ ਗੈਸ ਦਾ ਇਸਤੇਮਾਲ ਕੀਤਾ। ਉਸ ਦੀ ਪਤਨੀ ਸੁਖਦੀਪ ਕੌਰ ਗਰਭਵਤੀ ਸੀ ਅਤੇ ਉਹ ਪਟਿਆਲਾ ਵਿਖੇ ਰਹਿ ਰਹੀ ਸੀ। ਨਵਨਿੰਦਰ ਪ੍ਰੀਤਪਾਲ ਸਿੰਘ ਨੇ ਕਿਸੇ ਬਹਾਨੇ ਰਾਤ ਸਮੇਂ ਨਾਈਟ੍ਰੋਜਨ ਗੈਸ ਦੇ ਸਿਲੰਡਰ ਨਾਲ ਮਾਸਕ ਲਗਾ ਕੇ ਸੁਖਦੀਪ ਕੌਰ ਨੂੰ ਲਗਾ ਦਿੱਤਾ। ਇਸ ਕਾਰਨ ਸੁਖਦੀਪ ਕੌਰ ਦੀ ਸਾਹ ਘੁੱਟਣ ਕਰਕੇ ਮੌਤ ਹੋ ਗਈ। ਇਸੇ ਤਰ੍ਹਾਂ ਹੀ ਨਵਨਿੰਦਰ ਪ੍ਰੀਤਪਾਲ ਸਿੰਘ ਨੇ ਛਪਿੰਦਰਪਾਲ ਕੌਰ ਨੂੰ ਵੀ ਘਰ ਲਿਆਂਦਾ ਸੀ ਅਤੇ ਦੁਬਾਰਾ ਇਕ ਨਾਈਟ੍ਰੋਜਨ ਸਿਲੰਡਰ ਦਾ ਪ੍ਰਬੰਧ ਕਰ ਲਿਆ ਸੀ। ਉਸ ਨੂੰ ਵਿਸ਼ਵਾਸ਼ ’ਚ ਲੈ ਲਿਆ ਕਿ ਆਕਸੀਜਨ ਲੈਣ ਨਾਲ ਚਿਹਰੇ 'ਤੇ ਕਾਫੀ ਗਲੋਅ ਆਉਂਦੀ ਹੈ। ਇਸ ਬਹਾਨੇ ਨਾਲ ਉਸ ਨੇ ਆਕਸੀਜਨ ਦੱਸ ਕੇ ਛਪਿੰਦਰਪਾਲ ਕੌਰ ਨੂੰ ਵੀ ਨਾਈਟ੍ਰੋਜਨ ਗੈਸ ਦੇ ਸਿਲੰਡਰ ਨਾਲ ਮਾਸਕ ਲਗਾ ਦਿੱਤਾ। ਇਸ ਦੌਰਾਨ ਛਪਿੰਦਰਪਾਲ ਕੌਰ ਦੀ ਵੀ ਮੌਤ ਹੋ ਗਈ।ਮੌਤ ਹੋ ਗਈ। ਉਸ ਨੇ ਛਪਿੰਦਰਪਾਲ ਕੌਰ ਦੀ ਲਾਸ਼ ਨੂੰ ਆਪਣੇ ਬੈੱਡਰੂਮ ’ਚ ਹੀ ਪਹਿਲਾਂ ਹੀ ਆਪਣੇ ਬੈੱਡਾਂ ਦੇ ਥੱਲੇ ਪੱਟ ਰੱਖੇ ਟੋਏ ’ਚ ਦੱਬ ਦਿੱਤਾ।
ਕਿਉਂ ਕੀਤੇ ਕਤਲ?
ਐੱਸ. ਐੱਸ. ਪੀ. ਨੇ ਦੱਸਿਆ ਕਿ ਨਵਨਿੰਦਰ ਪ੍ਰੀਤਪਾਲ ਸਿੰਘ ਨੇ 12 ਫਰਵਰੀ, 2018 ਨੂੰ ਆਪਣਾ ਪਹਿਲਾ ਵਿਆਹ ਮ੍ਰਿਤਕ ਸੁਖਦੀਪ ਕੌਰ ਨਾਲ ਕਰਵਾਇਆ ਸੀ। ਫਿਰ ਮਾਰਚ 2020 ’ਚ ਨਵਨਿੰਦਰ ਪ੍ਰੀਤਪਾਲ ਸਿੰਘ ਦਾ ਛਪਿੰਦਰਪਾਲ ਕੌਰ ਨਾਲ ਰੋਕਾ ਹੋ ਗਿਆ ਸੀ ਅਤੇ 20 ਅਕਤੂਬਰ, 2021 ਨੂੰ ਵਿਆਹ ਵੀ ਤੈਅ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨਵਨਿੰਦਰ ਪ੍ਰੀਤਪਾਲ ਸਿੰਘ ਲੜੀਵਾਰ ਉਕਤ ਕੁੜੀਆਂ ਦੇ ਸੰਪਰਕ ’ਚ ਆਉਂਦਾ ਰਿਹਾ ਅਤੇ ਉਨ੍ਹਾਂ ਨਾਲ ਵਿਆਹ ਵੀ ਕਰਵਾ ਲਏ ਪਰ ਉਹ ਹੁਣ ਖ਼ੁਦ ਨੂੰ ਬਹੁਤ ਫਸਿਆ ਹੋਇਆ ਮਹਿਸੂਸ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਸੁਖਦੀਪ ਕੌਰ ਅਤੇ ਛਪਿੰਦਰਪਾਲ ਕੌਰ ਨੂੰ ਪੂਰੀ ਸੋਚੀ-ਸਮਝੀ ਯੋਜਨਾ ਤਹਿਤ ਮਾਰ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਨਵਨਿੰਦਰ ਪ੍ਰੀਤਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ 6 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐੱਸ. ਪੀ. ਡੀ. ਡਾ. ਮਹਿਤਾਬ ਸਿੰਘ, ਡੀ. ਐੱਸ. ਪੀ. ਡੀ. ਮੋਹਿਤ ਅਗਰਵਾਲ, ਡੀ. ਐੱਸ. ਪੀ. ਸਿਟੀ-2 ਸੌਰਵ ਜਿੰਦਲ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐੱਸ. ਐੱਚ. ਓ. ਰੋਨੀ ਸਿੰਘ ਦੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ