ਕਰਤਾਰਪੁਰ ਦੋਹਰੇ ਕਤਲ ਕਾਂਡ ਦੇ ਮਾਮਲੇ ’ਚ 1 ਹੋਰ ਮੁਲਜ਼ਮ ਗ੍ਰਿਫ਼ਤਾਰ
Friday, Nov 10, 2023 - 06:00 PM (IST)
ਨੂਰਪੁਰਬੇਦੀ (ਭੰਡਾਰੀ) : ਖੇਤਰ ਦੇ ਪਿੰਡ ਕਰਤਾਰਪੁਰ ਵਿਖੇ ਕਾਂਗਰਸ ਸੰਮਤੀ ਮੈਂਬਰ ਦੇ ਪਤੀ ਅਤੇ ਦਰਾਣੀ ਦੇ ਹੋਏ ਦੋਹਰੇ ਕਤਲ ਕਾਂਡ ’ਚ ਨਾਮਜ਼ਦ ਇਕ ਹੋਰ ਮੁਲਜ਼ਮ ਨੂੰ ਸਥਾਨਕ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ’ਚ ਪੁਲਸ ਨੇ ਹੁਣ ਤੱਕ ਨਾਮਜ਼ਦ ਕੀਤੇ ਗਏ ਸਮੁੱਚੇ ਮੁਲਜ਼ਮਾਂ ’ਚੋਂ 9 ਨੂੰ ਕਾਬੂ ਕਰ ਲਿਆ ਹੈ ਜਦਕਿ 4 ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਜ਼ਿਕਰਯੋਗ ਹੈ ਕਿ ਬੀਤੀ 30 ਅਕਤੂਬਰ ਨੂੰ ਸੰਮਤੀ ਮੈਂਬਰ ਭੋਲੀ ਦੇਵੀ ਦੇ ਪਤੀ ਕਰਮ ਚੰਦ ਅਤੇ ਦਰਾਣੀ ਗੀਤਾ ਦੇਵੀ ਦੇ ਕਤਲ ਦੇ ਮਾਮਲੇ ’ਚ ਸਥਾਨਕ ਪੁਲਸ ਨੇ 13 ਮੁਲਜ਼ਮਾਂ ਸਮੇਤ 10-15 ਅਣਪਛਾਤੇ ਵਿਅਕਤੀਆਂ ਖ਼ਿਲਾਫ ਕਤਲ ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਇਸ ਮਾਮਲੇ ’ਚ ਨੂਰਪੁਰਬੇਦੀ ਪੁਲਸ ਵੱਲੋਂ ਪਹਿਲਾਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਜਿਨ੍ਹਾਂ ਪਾਸੋਂ 2 ਪਿਸਟਲ, 5 ਜ਼ਿੰਦਾ ਰੋਂਦ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਸਤੇਮਾਲ ਕੀਤੇ ਗਏ ਵਾਹਨ ਵੀ ਕਬਜ਼ੇ ’ਚ ਲਏ ਜਾ ਚੁੱਕੇ ਹਨ। ਬੀਤੇ ਦਿਨ ਸਥਾਨਕ ਪੁਲਸ ਨੇ ਰੇਡ ਦੌਰਾਨ ਇਕ ਹੋਰ ਮੁਲਜ਼ਮ ਲਵਲੀ ਪੁੱਤਰ ਚਮਨ ਲਾਲ ਨਿਵਾਸੀ ਪਿੰਡ ਕਰਤਾਰਪੁਰ, ਥਾਣਾ ਨੂਰਪੁਰਬੇਦੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਕਤ ਮੁਲਜ਼ਮ ਨੂੰ ਅੱਜ ਮੁੜ ਬਾਅਦ ਦੁਪਹਿਰ ਹੋਰਨਾਂ ਦੋਸ਼ੀਆਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਜੱਜ ਨੇ ਸਮੁੱਚੇ ਕਾਬੂ ਕੀਤੇ ਗਏ 9 ਮੁਲਜ਼ਮਾਂ ਨੂੰ 13 ਨਵੰਬਰ ਤੱਕ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਆਦੇਸ਼ ਦਿੱਤੇ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਫਰਾਰ ਚੱਲ ਰਹੇ 4 ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਮੁਸਤੈਦੀ ਨਾਲ ਡਟੀ ਹੋਈ ਹੈ ਅਤੇ ਪੁਲਸ ਟੀਮਾਂ ਵੱਲੋਂ ਵੱਖ-ਵੱਖ ਥਾਈਂ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।