ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਹੋਏ ਡਬਲ ਮਰਡਰ ਨੂੰ ਲੈ ਕੇ ਵਿਸ਼ੇਸ਼ ਟੀਮਾਂ ਗਠਿਤ
Monday, Jun 11, 2018 - 07:06 AM (IST)
ਜਲੰਧਰ, (ਸ਼ੋਰੀ, ਪਾਲੀ)- ਬੀਤੇ ਦਿਨੀਂ ਨਕੋਦਰ ਦੇ ਪਿੰਡ ਆਦੀ ਵਿਚ ਦਿਓਰ ਵੱਲੋਂ ਆਪਣੀ ਭਾਬੀ ਤੇ ਉਸ ਦੇ ਕਥਿਤ ਪ੍ਰੇਮੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਕਾਰਨ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕਾ ਲਵਪ੍ਰੀਤ ਕੌਰ ਉਰਫ ਪ੍ਰੀਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ। ਪਰਿਵਾਰ ਵਾਲੇ ਚਾਹੁੰਦੇ ਹਨ ਕਿ ਉਸ ਦਾ ਪਤੀ ਤੀਰਥ ਸਿੰਘ ਜੋ ਕਿ ਵਿਦੇਸ਼ ਗਿਆ ਹੋਇਆ ਹੈ, ਦੇ ਆਉਣ ਤੋਂ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਉਥੇ ਲਵਪ੍ਰੀਤ ਦੇ ਕਥਿਤ ਆਸ਼ਕ ਆਸ਼ੂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਥਾਣਾ ਸਦਰ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੁਲਜ਼ਮ ਜਤਿੰਦਰ ਸਿੰਘ ਉਰਫ ਭਿੰਦਾ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਸਪੈਸ਼ਲ ਟੀਮਾਂ ਦਾ ਗਠਨ ਕਰ ਕੇ ਕਈ ਥਾਵਾਂ 'ਤੇ ਛਾਪਾਮਾਰੀ ਕੀਤੀ। ਪੁਲਸ ਅਨੁਸਾਰ ਜਲਦ ਹੀ ਮੁਲਜ਼ਮ ਗ੍ਰਿਫਤਾਰ ਕਰ ਲਿਆ ਜਾਵੇਗਾ। ਸੂਤਰਾਂ ਤੋਂ ਪਤਾ ਲੱਗਾ ਕਿ ਪੁਲਸ ਨੂੰ ਉਸ ਦੀ ਮੋਬਾਇਲ ਲੋਕੇਸ਼ਨ ਨਕੋਦਰ ਦੇ ਦਸਮੇਸ਼ ਨਗਰ ਕੋਲੋਂ ਆਖਰੀ ਵਾਰ ਮਿਲੀ। ਉਸ ਤੋਂ ਬਾਅਦ ਉਸ ਨੇ ਆਪਣਾ ਫੋਨ ਬੰਦ ਕਰ ਦਿੱਤਾ।

ਬਿੱਕਰ ਸਿੰਘ ਉਰਫ ਬਿੱਟੂ ਹੈ ਡਬਲ ਮਰਡਰ ਦਾ ਚਸ਼ਮਦੀਦ ਗਵਾਹ
ਆਸ਼ੂ 'ਤੇ ਜਦੋਂ ਹਮਲਾ ਹੋ ਰਿਹਾ ਸੀ, ਉਸ ਦੇ ਚਾਚੇ ਬਿੱਕਰ ਸਿੰਘ ਉਰਫ ਬਿੱਟੂ ਨੇ ਪੂਰਾ ਸੀਨ ਆਪਣੀਆਂ ਅੱਖਾਂ ਨਾਲ ਦੇਖਿਆ। ਪੁਲਸ ਨੂੰ ਦਰਜ ਬਿਆਨਾਂ 'ਚ ਬਿੱਕਰ ਸਿੰਘ ਨੇ ਕਿਹਾ ਕਿ ਆਸ਼ੂ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਲੈਣ ਜਾ ਰਿਹਾ ਸੀ ਤੇ ਭਿੰਦਾ ਮੁਹੱਲੇ 'ਚ ਦਰੱਖਤ ਦੇ ਹੇਠਾਂ ਬੈਠਾ ਸੀ। ਇਸੇ ਦੌਰਾਨ ਭਿੰਦੇ ਨੇ ਆਸ਼ੂ ਨੂੰ ਰੋਕਿਆ ਅਤੇ ਉਸ 'ਤੇ ਦਾਤਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਹ ਆਸ਼ੂ ਨੂੰ ਬਚਾਉਣ ਜਾਂਦੇ ਉਸ ਤੋਂ ਪਹਿਲਾਂ ਭਿੰਦਾ ਦਾਤਰ ਲੈ ਕੇ ਆਪਣੇ ਘਰ ਵੱਲ ਭੱਜਿਆ ਤੇ ਉਸ ਦੀਆਂ ਅੱਖਾਂ ਦੇ ਸਾਹਮਣੇ ਲਵਪ੍ਰੀਤ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਇਸੇ ਦੌਰਾਨ ਜ਼ਖਮੀ ਆਸ਼ੂ ਜ਼ਮੀਨ 'ਤੇ ਡਿੱਗ ਗਿਆ। 108 ਨੰ. ਐਂਬੂਲੈਂਸ ਦੀ ਮਦਦ ਨਾਲ ਤੁਰੰਤ ਉਹ ਆਸ਼ੂ ਨੂੰ ਲੈ ਕੇ ਸਰਕਾਰੀ ਹਸਪਤਾਲ ਪੁੱਜਿਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਆਸ਼ੂ ਨੂੰ ਰੈਫਰ ਕਰ ਦਿੱਤਾ। ਉਹ ਖਾਂਬਰਾ ਸਥਿਤ ਪ੍ਰਾਈਵੇਟ ਹਸਪਤਾਲ ਪੁੱਜੇ, ਜਿਥੇ ਆਸ਼ੂ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਲਵਪ੍ਰੀਤ ਦੀ ਵੀ ਸਿਵਲ ਹਸਪਤਾਲ 'ਚ ਮੌਤ ਹੋ ਚੁੱਕੀ ਹੈ।
ਔਲਾਦ ਦਾ ਮੂੰਹ ਵੀ ਨਹੀਂ ਦੇਖ ਸਕਿਆ ਆਸ਼ੂ
ਪਤਾ ਲੱਗਾ ਹੈ ਕਿ ਆਸ਼ੂ ਦਾ ਵਿਆਹ ਕਰੀਬ 7 ਮਹੀਨੇ ਪਹਿਲਾਂ ਹੋਇਆ ਸੀ ਅਤੇ ਉਸ ਦੀ ਪਤਨੀ ਗਰਭਵਤੀ ਸੀ। ਸ਼ਾਇਦ ਭਗਵਾਨ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਹ ਔਲਾਦ ਦਾ ਮੂੰਹ ਦੇਖ ਸਕੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਆਸ਼ੂ ਅਤੇ ਭਿੰਦਾ ਕਾਫੀ ਚੰਗੇ ਦੋਸਤ ਹੋਇਆ ਕਰਦੇ ਸਨ। ਭਿੰਦੇ ਦੇ ਵਿਆਹ ਨੂੰ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਸੀ। ਦੂਜੇ ਪਾਸੇ ਥਾਣਾ ਸਦਰ ਵਿਚ ਪਿੰਡ 'ਚ ਹੋਈ ਇਸ ਘਟਨਾ ਤੋਂ ਬਾਅਦ ਕਾਮਰੇਡ ਦਰਸ਼ਨ ਨਾਹਰ ਪੀੜਤ ਪੱਖ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਦੇ ਨਾਲ ਥਾਣੇ ਪਹੁੰਚੇ ਅਤੇ ਪੁਲਸ ਅਧਿਕਾਰੀਆਂ ਨੂੰ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਮਾਂ ਨੇ ਕੀਤੀ ਪੁੱਤਰ ਨੂੰ ਬਚਾਉਣ ਦੀ ਅਸਫਲ ਕੋਸ਼ਿਸ਼
ਸਿਵਲ ਹਸਪਤਾਲ ਵਿਚ ਰਾਤ ਨੂੰ ਜਿਵੇਂ ਹੀ ਲਵਪ੍ਰੀਤ ਦੀ ਮੌਤ ਹੋ ਗਈ ਤਾਂ ਹਸਪਤਾਲ ਵਿਚ ਉਸ ਦੀ ਸੱਸ ਕਸ਼ਮੀਰੋ ਨੇ ਮੀਡੀਆ ਨੂੰ ਬਿਆਨਾਂ 'ਚ ਕਿਹਾ ਸੀ ਕਿ ਇਲਾਕੇ ਦਾ ਆਸ਼ੂ ਉਸ ਦੇ ਪੁੱਤਰ ਭਿੰਦੇ ਨਾਲ ਰੰਜਿਸ਼ ਰੱਖਦਾ ਸੀ ਅਤੇ ਇਸੇ ਕਾਰਨ ਸਾਥੀਆਂ ਸਮੇਤ ਘਰ ਆਇਆ ਤੇ ਤੇਜ਼ਧਾਰ ਹਥਿਆਰਾਂ ਨਾਲ ਪੁੱਤਰ 'ਤੇ ਹਮਲਾ ਕੀਤਾ। ਨੂੰਹ ਲਵਪ੍ਰੀਤ ਦਿਓਰ ਨੂੰ ਬਚਾਉਣ ਲਈ ਅੱਗੇ ਆਈ ਤਾਂ ਆਸ਼ੂ ਨੇ ਸਾਥੀਆਂ ਸਮੇਤ ਉਸ 'ਤੇ ਵਾਰ ਕਰ ਕੇ ਜ਼ਖਮੀ ਕਰ ਦਿੱਤਾ ਪਰ ਪੁਲਸ ਨੇ ਮਾਮਲੇ ਦੀ ਮੌਕੇ 'ਤੇ ਜਾਂਚ ਕਰ ਕੇ ਕਸ਼ਮੀਰੋ ਦੀ ਝੂਠੀ ਕਹਾਣੀ ਬਣਾ ਕੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।
