ਪੰਜਾਬ 'ਚ ਸਕੂਲ ਖੁੱਲ੍ਹਣ ਤੋਂ ਪਹਿਲਾਂ ਠੰਡ ਤੇ ਧੁੰਦ ਦਾ Double Attack, ਮਾਪੇ ਤੇ ਅਧਿਆਪਕ ਚਿੰਤਾ 'ਚ
Friday, Dec 29, 2023 - 02:28 PM (IST)
ਲੁਧਿਆਣਾ (ਵਿੱਕੀ) : ਸਾਲ 2023 ਦੇ ਆਖ਼ਰੀ ਦਿਨਾਂ ’ਚ ਕੰਬਾਉਣ ਵਾਲੀ ਠੰਡ ਸ਼ੁਰੂ ਹੋ ਗਈ ਹੈ ਅਤੇ ਸਰਦ ਹਵਾਵਾਂ ਦੇ ਕਾਰਨ ਠਾਰ ਵੀ ਵੱਧ ਗਈ ਹੈ। ਜਿਵੇਂ-ਜਿਵੇਂ 1 ਜਨਵਰੀ ਤੋਂ ਸਾਰੇ ਸਰਕਾਰੀ ਅਤੇ ਕੁੱਝ ਨਿੱਜੀ ਸਕੂਲਾਂ ਦੀਆਂ ਸਰਦੀ ਦੀਆਂ ਛੁੱਟੀਆਂ ਖ਼ਤਮ ਹੋਣ ਦੇ ਨੇੜੇ ਪੁੱਜ ਰਹੀਆਂ ਹਨ, ਮੌਸਮ ਨੇ ਵੀ ਇਕਦਮ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਪਿਛਲੇ 3 ਦਿਨਾਂ ’ਚ 2 ਵਾਰ ਦਿਨ ’ਚ ਹੀ ਧੁੰਦ ਪੈਣ ਨਾਲ ਹਨ੍ਹੇਰਾ ਵੀ ਜਲਦੀ ਹੋਣ ਲੱਗਾ ਹੈ। ਕੋਹਰੇ ਕਾਰਨ ਘੱਟ ਵਿਜ਼ੀਬਿਲਟੀ ਹੋਣ ਨਾਲ ਮਾਪੇ ਬੱਚਿਆਂ ਨੂੰ ਲੈ ਕੇ ਚਿੰਤਤ ਹੋਣ ਲੱਗੇ ਹਨ ਕਿਉਂਕਿ ਸਰਕਾਰੀ ਸਮੇਤ ਹੋਰ ਕੁੱਝ ਸਕੂਲ ਵੀ 1 ਜਨਵਰੀ ਤੋਂ ਖੁੱਲ੍ਹਣ ਵਾਲੇ ਹਨ, ਉੱਥੇ ਸਕੂਲਾਂ ’ਚ ਦੂਰ-ਦੁਰਾਡੇ ਤੋਂ ਪੜ੍ਹਾਉਣ ਆਉਣ ਵਾਲੇ ਅਧਿਆਪਕਾਂ ਦੇ ਮੱਥੇ ’ਤੇ ਵੀ ਕੋਹਰੇ ਨੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ 35 ਲੱਖ ਰਾਸ਼ਨ ਕਾਰਡਧਾਰਕਾਂ ਲਈ ਚਿੰਤਾ ਭਰੀ ਖ਼ਬਰ, ਪੜ੍ਹੋ ਕੀ ਹੈ ਪੂਰਾ ਮਾਮਲਾ
ਮੌਜੂਦਾ ਹਾਲਾਤ ’ਤੇ ਗੌਰ ਕਰੀਏ ਤਾਂ ਸਕੂਲਾਂ ’ਚ ਛੁੱਟੀ ਦਾ ਸਮਾਂ 3.30 ਵਜੇ ਦਾ ਹੈ ਅਤੇ ਬੱਸਾਂ ’ਚ ਆਉਣ-ਜਾਣ ਵਾਲੇ ਕਈ ਬੱਚੇ ਸ਼ਾਮ 5 ਵਜੇ ਤੱਕ ਉਸ ਸਮੇਂ ਘਰ ਪੁੱਜਣਗੇ, ਜਦੋਂ ਧੁੰਦ ਡਿੱਗਣ ਲੱਗ ਜਾਂਦੀ ਹੈ। ਉੱਥੇ ਹੀ ਕਈ ਅਧਿਆਪਕ ਜੋ ਦੂਰ-ਦੁਰਾਡੇ ਤੋਂ ਪੜ੍ਹਾਉਣ ਆਉਂਦੇ ਹਨ, ਉਹ ਵੀ ਸਕੂਲ ’ਚ ਅੱਧੇ ਘੰਟੇ ਦਾ ਸਟੇ ਬੈਕ ਕਰਨ ਤੋਂ ਬਾਅਦ ਲਗਭਗ 4 ਵਜੇ ਘਰ ਲਈ ਨਿਕਲਦੇ ਹਨ। ਇਸ ਦੌਰਾਨ ਹੁਣ ਮਾਪਿਆਂ ਅਤੇ ਅਧਿਆਪਕਾਂ ਦਾ ਧਿਆਨ ਸਰਕਾਰ ਦੇ ਅਗਲੇ ਹੁਕਮਾਂ 'ਤੇ ਹੈ ਕਿ ਛੁੱਟੀਆਂ ਵੱਧਦੀਆਂ ਹਨ ਜਾਂ ਫਿਰ ਸੋਮਵਾਰ ਤੋਂ ਕੜਾਕੇ ਦੀ ਠੰਡ ’ਚ ਸੰਘਣੀ ਧੁੰਦ ਦੇ ਵਿਚਕਾਰ ਸਕੂਲ ਦਾ ਰਸਤਾ ਤੈਅ ਕਰਨਾ ਪਵੇਗਾ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਿਤੇ-ਕਿਤੇ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਹੋ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਝਾਕੀਆਂ ਰੱਦ ਹੋਣ 'ਤੇ AAP ਦਾ ਤਿੱਖਾ ਤੰਜ, 'ਸੁਨੀਲ ਜਾਖੜ 'ਤੇ ਚੜ੍ਹਿਆ ਭਾਜਪਾ ਦਾ ਰੰਗ' (ਵੀਡੀਓ)
ਕਈ ਸਕੂਲਾਂ ’ਚ ਕੱਲ੍ਹ ਤੋਂ ਸ਼ੁਰੂ ਹੋਣੀਆਂ ਹਨ ਛੁੱਟੀਆਂ
ਲੁਧਿਆਣਾ ’ਚ ਤਾਂ ਕਈ ਸਕੂਲਾਂ ਨੇ ਸਰਕਾਰ ਦੇ ਹੁਕਮਾਂ ਤੋਂ ਬਾਅਦ 24 ਦਸੰਬਰ ਤੋਂ ਛੁੱਟੀਆਂ ਕਰ ਦਿੱਤੀਆਂ ਸਨ, ਜਦੋਂ ਕਿ ਕਈਆਂ ’ਚ ਪ੍ਰੀਖਿਆਵਾਂ ਚੱਲਣ ਕਾਰਨ ਪੀ. ਟੀ. ਐੱਮ. ਦਾ ਦੌਰ ਚੱਲ ਰਿਹਾ ਸੀ। ਇਸ ਦੌਰਾਨ ਉਕਤ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ 31 ਦਸੰਬਰ ਜਾਂ 1 ਜਨਵਰੀ ਤੋਂ ਸ਼ੁਰੂ ਹੋਣੀਆਂ ਹਨ, ਜੋ ਲਗਭਗ 7 ਜਨਵਰੀ ਤੱਕ ਚੱਲਣੀਆਂ ਹਨ। ਇਨ੍ਹਾਂ ਸਕੂਲਾਂ ਦਾ ਕਹਿਣਾ ਹੈ ਕਿ ਅਕਸਰ ਸਰਦੀ ਦਸੰਬਰ ਦੇ ਆਖ਼ਰੀ ਦਿਨਾਂ ਜਾਂ ਜਨਵਰੀ ਦੀ ਸ਼ੁਰੂਆਤ ’ਚ ਪੈਂਦੀ ਹੈ, ਇਸ ਲਈ ਸੈਸ਼ਨ ਦੀ ਸ਼ੁਰੂਆਤ ਵਿਚ ਹੀ ਸਰਦੀ ਦੀਆਂ ਛੁੱਟੀਆਂ ਦਾ ਸ਼ਡਿਊਲ ਦਸੰਬਰ ਜਾਂ ਜਨਵਰੀ ਦੀ ਸ਼ੁਰੂਆਤ ਲਈ ਤੈਅ ਕੀਤਾ ਜਾਂਦਾ ਹੈ।
ਲੈਕਚਰਾਰ ਕੇਡਰ ਯੂਨੀਅਨ ਨੇ ਵੀ ਰੱਖੀ ਮੰਗ
ਲੈਕਚਰਾਰ ਕੇਡਰ ਯੂਨੀਅਨ ਨੇ ਵੀ ਸਿੱਖਿਆ ਮੰਤਰੀ ਤੋਂ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਹੈ। ਯੂਨੀਅਨ ਨੇ ਸਟੇਟ ਵਿੱਤ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਨੂੰ ਬਦਲਦੇ ਮੌਸਮ ਦੇ ਮੱਦੇਨਜ਼ਰ ਛੁੱਟੀਆਂ ’ਚ ਇਜ਼ਾਫਾ ਕਰਨਾ ਚਾਹੀਦਾ ਹੈ, ਜਿਸ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਿਹਤ ਠੀਕ ਰਹੇ। ਯੂਨੀਅਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦਾ ਰਿਕਾਰਡ ਦੇਖੀਏ ਤਾਂ ਧੁੰਦ ਦੀ ਵਜ੍ਹਾ ਨਾਲ ਕਈ ਹਾਦਸੇ ਹੋ ਚੁੱਕੇ ਹਨ। ਇਸ ਲਈ ਸਰਕਾਰ ਨੂੰ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਛੁੱਟੀਆਂ ਵਧਾਉਣੀਆਂ ਚਾਹੀਦੀਆਂ ਹਨ।
ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8