ਦਾਨਿਪਸ ਕੇਡਰ ਦੇ 8 ਡੀ. ਐੱਸ. ਪੀਜ਼ ਦਾ ਦਿੱਲੀ ਤਬਾਦਲਾ

Friday, Dec 22, 2017 - 04:26 AM (IST)

ਦਾਨਿਪਸ ਕੇਡਰ ਦੇ 8 ਡੀ. ਐੱਸ. ਪੀਜ਼ ਦਾ ਦਿੱਲੀ ਤਬਾਦਲਾ

ਚੰਡੀਗੜ੍ਹ, (ਸੁਸ਼ੀਲ)- ਚੰਡੀਗੜ੍ਹ ਪੁਲਸ ਦੇ ਇੰਸਪੈਕਟਰਾਂ ਦਾ ਡੀ. ਐੱਸ. ਪੀ. ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਦਿੱਲੀ ਤੋਂ ਦਾਨਿਪਸ ਕੇਡਰ ਦੇ ਡੈਪੂਟੇਸ਼ਨ 'ਤੇ ਚੰਡੀਗੜ੍ਹ ਆਏ 8 ਡੀ. ਐੱਸ. ਪੀਜ਼ ਨੂੰ ਗੌਰਮਿੰਟ ਆਫ ਇੰਡੀਆ ਦੇ ਅੰਡਰ ਸੈਕਟਰੀ ਹਿਤਲਾਰ ਸਿੰਘ ਨੇ ਵੀਰਵਾਰ ਨੂੰ ਤੁਰੰਤ ਵਾਪਸ ਦਿੱਲੀ ਰਿਪੋਰਟ ਕਰਨ ਲਈ ਕਿਹਾ ਹੈ। ਡੈਪੂਟੇਸ਼ਨ 'ਤੇ ਆਏ 8 ਡੀ. ਐੱਸ. ਪੀਜ਼ ਦੇ ਤਬਾਦਲੇ ਕੈਟ ਵਿਚ ਚੰਡੀਗੜ੍ਹ ਪੁਲਸ ਦੇ ਇੰਸਪੈਕਟਰਾਂ ਦੀ ਪ੍ਰਮੋਸ਼ਨ ਪਟੀਸ਼ਨ 'ਤੇ ਵਿਭਾਗ ਵਲੋਂ ਜਵਾਬ ਦੇਣ ਤੋਂ ਇਕ ਦਿਨ ਪਹਿਲਾਂ ਆਏ ਹਨ। 
ਡੈਪੂਟੇਸ਼ਨ 'ਤੇ ਆਏ ਡੀ. ਐੱਸ. ਪੀ. ਰਸ਼ਮੀ ਯਾਦਵ, ਸਤੀਸ਼ ਕੁਮਾਰ, ਦੀਪਕ ਯਾਦਵ, ਪਵਨ ਕੁਮਾਰ, ਕ੍ਰਿਸ਼ਨ ਕੁਮਾਰ, ਸੁਖਰਾਜ ਕਟੇਵਾ, ਅੰਜਿਤਾ ਚੈਪੀਆਲ ਤੇ ਰਾਜੀਵ ਅਬਸਤਾ ਦੇ ਤਬਾਦਲੇ ਦੇ ਆਰਡਰ ਆਉਂਦਿਆਂ ਹੀ ਡੀ. ਐੱਸ. ਪੀ. ਦੀ ਪ੍ਰਮੋਸ਼ਨ ਦੀ ਲਾਈਨ ਵਿਚ ਖੜ੍ਹੇ ਇੰਸਪੈਕਟਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੈਪੂਟੇਸ਼ਨ 'ਤੇ ਆਉਣ ਵਾਲੇ ਡੀ. ਐੱਸ. ਪੀ. ਹੁਣ ਆਪਣੇ ਤਬਾਦਲੇ ਰੁਕਵਾਉਣ ਲਈ ਜ਼ੋਰ ਲਾ ਸਕਦੇ ਹਨ। ਉਥੇ ਹੀ ਚੰਡੀਗੜ੍ਹ ਪੁਲਸ ਦੇ ਇੰਸਪੈਕਟਰਾਂ ਵਲੋਂ ਪ੍ਰਮੋਸ਼ਨ ਸਬੰਧੀ ਦਾਇਰ ਪਟੀਸ਼ਨ 'ਤੇ ਚੰਡੀਗੜ੍ਹ ਪੁਲਸ ਸ਼ੁੱਕਰਵਾਰ ਨੂੰ ਆਪਣਾ ਜਵਾਬ ਦਾਖਲ ਕਰੇਗੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਦੇ ਇੰਸਪੈਕਟਰਾਂ ਨੂੰ ਪ੍ਰਮੋਟ ਕਰਨ ਲਈ ਕੈਟ ਹੁਕਮ ਦੇ ਸਕਦੀ ਹੈ। 
ਡੈਪੂਟੇਸ਼ਨ ਵਾਲੇ ਡੀ. ਐੱਸ. ਪੀ. ਜਾਣ ਤੋਂ ਬਾਅਦ ਇਹ 11 ਇੰਸਪੈਕਟਰ ਹੋਣਗੇ ਡੀ. ਐੱਸ. ਪੀ. ਪ੍ਰਮੋਟ 
ਚੰਡੀਗੜ੍ਹ ਪੁਲਸ ਵਿਭਾਗ ਵਿਚ ਅਜੇ ਤਕ ਡੀ. ਐੱਸ. ਪੀ. ਦੀਆਂ 3 ਪੋਸਟਾਂ ਖਾਲੀ ਪਈਆਂ ਹਨ। ਜੇਕਰ ਦਿੱਲੀ ਤੋਂ ਆਏ 8 ਡੀ. ਐੱਸ. ਪੀ. ਆਪਣੇ ਮੂਲ ਕੇਡਰ ਵਿਚ ਚਲੇ ਜਾਂਦੇ ਹਨ ਤਾਂ ਚੰਡੀਗੜ੍ਹ ਪੁਲਸ ਦੇ 11 ਇੰਸਪੈਕਟਰ ਡੀ. ਐੱਸ. ਪੀ. ਪ੍ਰਮੋਟ ਹੋਣਗੇ। ਪ੍ਰਮੋਟ ਹੋਣ ਵਾਲੇ ਇੰਸਪੈਕਟਰਾਂ ਵਿਚ ਦਲੀਪ ਰਤਨ, ਚਰਨਜੀਤ ਸਿੰਘ, ਹਰਜੀਤ ਕੌਰ, ਦਿਲਸ਼ੇਰ ਸਿੰਘ ਚੰਦੇਲ, ਗੁਰਮੁਖ ਸਿੰਘ, ਸੀਤਾ, ਗੁਰਜੀਤ ਕੌਰ, ਸ਼੍ਰੀ ਪ੍ਰਕਾਸ਼, ਦਿਲਬਾਗ ਸਿੰਘ, ਦਲਬੀਰ ਸਿੰਘ ਤੇ ਨਸੀਬ ਸਿੰਘ ਸ਼ਾਮਲ ਹਨ। 
ਡੈਪੂਟੇਸ਼ਨ 'ਤੇ ਆਏ ਅਫ਼ਸਰਾਂ 'ਤੇ ਅਧਿਕਾਰੀ ਮਿਹਰਬਾਨ 
ਡੀ. ਐੱਸ. ਪੀ. ਪਵਨ ਕੁਮਾਰ ਕੋਲ ਆਰਥਿਕ ਕ੍ਰਾਈਮ ਬ੍ਰਾਂਚ ਦੇ ਨਾਲ ਡੀ. ਐੱਸ. ਪੀ. ਕ੍ਰਾਈਮ ਦਾ ਵਾਧੂ ਚਾਰਜ, ਡੀ. ਐੱਸ. ਪੀ. ਸਕਿਓਰਿਟੀ ਹੈੱਡਕੁਆਰਟਰ ਕ੍ਰਿਸ਼ਨ ਕੁਮਾਰ ਨੂੰ ਡੀ. ਐੱਸ. ਪੀ. ਆਪ੍ਰੇਸ਼ਨ ਸੈੱਲ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਸਾਈਬਰ ਸੈੱਲ ਦੀ ਡੀ. ਐੱਸ. ਪੀ. ਰਸ਼ਮੀ ਯਾਦਵ ਨੂੰ ਪੀ. ਈ. ਬੀ. ਤੇ ਆਈ. ਆਰ. ਬੀ. ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਡੈਪੂਟੇਸ਼ਨ 'ਤੇ ਆਏ ਡੀ. ਐੱਸ. ਪੀ. ਸੁਖਰਾਜ ਕੁਟੇਜਾ ਨੂੰ ਵਿਜੀਲੈਂਸ, ਸਤੀਸ਼ ਨੂੰ ਈਸਟ ਡਵੀਜ਼ਨ, ਦੀਪਕ ਯਾਦਵ ਨੂੰ ਸਾਊਥ ਡਵੀਜ਼ਨ, ਰਜੀਵ, ਅੰਜਿਤਾ ਚੈਪੀਆਲ ਨੂੰ ਵੂਮੈਨ ਐਂਡ ਚਾਈਲਡ ਯੂਨਿਟ ਦਾ ਵਾਧੂ ਚਾਰਜ ਦਿੱਤਾ ਹੋਇਆ 
ਇਨ੍ਹਾਂ ਨੇ ਦਾਇਰ ਕੀਤੀ ਸੀ ਪਟੀਸ਼ਨ 
ਡੀ. ਐੱਸ. ਪੀ. ਪ੍ਰਮੋਸ਼ਨ ਲਈ ਚੰਡੀਗੜ੍ਹ ਪੁਲਸ ਦੇ ਗੁਰਮੁਖ ਸਿੰਘ, ਚਰਨਜੀਤ ਸਿੰਘ, ਉਮਰਾਓ ਸਿੰਘ ਤੇ ਦਿਲਸ਼ੇਰ ਨੇ ਕੈਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਕੇਂਦਰੀ ਪ੍ਰਸ਼ਾਸਨਿਕ ਅਧਿਕਰਨ (ਕੈਟ) ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ 26 ਅਪ੍ਰੈਲ ਨੂੰ ਟ੍ਰਿਬਿਊਨਲ ਨੇ ਯੂ. ਟੀ. ਪੁਲਸ ਦੇ ਚਾਰ ਇੰਸਪੈਕਟਰ ਗੁਰਮੁਖ ਸਿੰਘ, ਚਰਨਜੀਤ ਸਿੰਘ, ਉਮਰਾਓ ਸਿੰਘ ਤੇ ਦਿਲਸ਼ੇਰ ਸਿੰਘ ਦੀ ਡੀ. ਐੱਸ. ਪੀ. ਅਹੁਦੇ ਲਈ ਪ੍ਰਮੋਸ਼ਨ ਸਬੰਧੀ ਪਟੀਸ਼ਨ ਮਨਜ਼ੂਰ ਕਰ ਲਈ ਸੀ। ਨਾਲ ਹੀ ਬਾਹਰੋਂ ਆਉਣ ਵਾਲੇ ਦਾਨਿਪਸ ਕੇਡਰ ਦੇ ਡੀ. ਐੱਸ. ਪੀਜ਼ ਦੀ ਯੂ. ਟੀ. ਵਿਚ ਤਾਇਨਾਤੀ 'ਤੇ ਰੋਕ ਲਾਉਣ ਦੇ ਹੁਕਮ ਦਿੱਤੇ ਸਨ। 
ਇਸ ਤੋਂ ਬਾਅਦ ਡੀ. ਐੱਸ. ਪੀ. ਗੁਰਜੀਤ ਕੌਰ ਤੇ ਇੰਸਪੈਕਟਰ ਸ਼੍ਰੀ ਪ੍ਰਕਾਸ਼ ਨੇ ਡੀ. ਐੱਸ. ਪੀ. ਅਹੁਦੇ 'ਤੇ ਪ੍ਰਮੋਸ਼ਨ ਲਈ ਕੈਟ ਦਾ ਦਰਵਾਜ਼ਾ ਖੜਕਾਇਆ ਸੀ। ਸੈਕਟਰ-31 ਥਾਣੇ ਵਿਚ ਐੱਸ. ਐੱਚ. ਓ. ਤਾਇਨਾਤ ਇੰਸਪੈਕਟਰ ਗੁਰਜੀਤ ਕੌਰ ਤੇ ਪੁਲਸ ਲਾਈਨ ਸੈਕਟਰ-26 ਵਿਚ ਤਾਇਨਾਤ ਸ਼੍ਰੀ ਪ੍ਰਕਾਸ਼ ਨੇ ਪ੍ਰਮੋਸ਼ਨ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਉਨ੍ਹਾਂ ਨੂੰ ਸਬੰਧਤ ਅਥਾਰਟੀ ਨੂੰ ਯੋਗ ਇੰਸਪੈਕਟਰਾਂ ਤੇ ਉਨ੍ਹਾਂ ਨੂੰ ਡੀ. ਐੱਸ. ਪੀ. ਅਹੁਦੇ 'ਤੇ ਪ੍ਰਮੋਟ ਕਰਨ ਲਈ ਅਪੀਲ ਕੀਤੀ ਹੈ। ਉਹ ਫਰਵਰੀ, 2016 ਤੋਂ ਪ੍ਰਮੋਸ਼ਨ ਦਾ ਇੰਤਜ਼ਾਰ ਕਰ ਰਹੇ ਹਨ ਪਰ ਦਾਨਿਪਸ ਕੇਡਰ ਤੋਂ ਡੈਪੂਟੇਸ਼ਨ ਆਏ ਡੀ. ਐੱਸ. ਪੀਜ਼ ਨੇ ਇਨ੍ਹਾਂ ਕੋਟੇ ਦੀਆਂ ਸੀਟਾਂ 'ਤੇ ਕਬਜ਼ਾ ਜਮਾਇਆ ਹੋਇਆ ਹੈ। ਸੀਨੀਆਰਟੀ ਦੇ ਆਧਾਰ 'ਤੇ ਪਟੀਸ਼ਨਰਾਂ ਦਾ ਨੰਬਰ ਲਿਸਟ ਵਿਚ 32ਵਾਂ ਤੇ 33ਵਾਂ ਹੈ। ਉਹ ਡੀ. ਐੱਸ. ਪੀ. ਦੇ ਪ੍ਰਮੋਸ਼ਨ ਕੋਟੇ ਲਈ ਅਗਲੇ 8 ਅਹੁਦਿਆਂ ਅਧੀਨ ਆਉਂਦੇ ਹਨ।


Related News