ਦੋ ਟਰੈਕਟਰਾਂ ਵਿਚਾਲੇ ਜ਼ਬਰਦਸਤ ਟੱਕਰ ''ਚ ਇਕ ਵਿਅਕਤੀ ਦੀ ਮੌਤ, ਟਰੈਕਟਰ ਦੇ ਹੋਏ ਦੋ ਟੋਟ
Tuesday, Nov 25, 2025 - 05:04 PM (IST)
ਗੜ੍ਹਸ਼ੰਕਰ/ਮਾਹਿਲਪੁਰ (ਭਾਰਦਵਾਜ/ਜਸਵੀਰ) : ਮਾਹਿਲਪੁਰ-ਗੜ੍ਹਸ਼ੰਕਰ ਰੋਡ 'ਤੇ ਪਿੰਡ ਬਡੋਆਣ ਨੇੜੇ ਬੀਤੀ ਸ਼ਾਮ ਦੋ ਟਰੈਕਟਰਾਂ ਦੀ ਟੱਕਰ ਹੋਣ ਕਾਰਨ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮਾਹਿਲਪੁਰ ਪੁਲਸ ਨੇ ਮ੍ਰਿਤਕ ਦੀ ਲਾਸ਼ ਅਗਲੀ ਕਾਰਵਾਈ ਲਈ ਕਬਜ਼ੇ ਵਿਚ ਲੈ ਲਈ ਹੈ। ਇਸ ਸੰਬੰਧੀ ਏ. ਐੱਸ. ਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਅਸ਼ੋਕ ਕੁਮਾਰ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਰਾਮਪੁਰ ਬਿਲੜੋ ਅਪਣੇ ਟ੍ਰੈਕਟਰ ਟਰਾਲੀ ਵਿਚ ਸੀਮੈਂਟ ਪਿੱਲਰ ਲੈਕੇ ਜਾ ਰਿਹਾ ਸੀ ਜਦੋਂ ਉਹ ਬਡੋਆਣ ਪਿੰਡ ਨੇੜੇ ਪੁੱਜਾ ਤਾਂ ਪਿੱਛੇ ਤੋਂ ਆ ਰਹੇ ਹੋਰ ਟ੍ਰੈਕਟਰ ਜਿਸ ਨੂੰ ਹਰਜਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਮੋਤੀਆਂ ਚਲਾ ਰਿਹਾ ਸੀ ਤੇ ਇੰਦਰਜੀਤ ਸਿੰਘ ਵਾਸੀ ਪਿੰਡ ਕੋਟ ਫਤੂਹੀ ਨਾਲ ਬੈਠਾ ਸੀ ਨੇ ਟੱਕਰ ਮਾਰ ਦਿੱਤੀ।
ਇਸ ਟੱਕਰ ਕਾਰਨ ਟ੍ਰੈਕਟਰ ਦੇ ਦੋ ਟੁਕੜੇ ਹੋ ਗਏ ਅਤੇ ਇਹ ਦੋਵੇਂ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਜਾਂਦੇ ਹੋਏ ਰਸਤੇ ਵਿਚ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਜਦੋਂਕਿ ਇੰਦਰਜੀਤ ਸਿੰਘ ਹੁਸ਼ਿਆਰਪੁਰ ਦਾ ਕਿਸੇ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
