ਘਰੇਲੂ ਕਲੇਸ਼ ਕਾਰਨ ਕੀਤਾ ਸੀ ਪਤਨੀ ਦਾ ਕਤਲ, ਹੱਤਿਆ ''ਚ ਵਰਤੀ ਕੁਹਾੜੀ ਵੀ ਬਰਾਮਦ
Tuesday, Oct 20, 2020 - 01:34 PM (IST)
ਜ਼ੀਰਕਪੁਰ (ਗੁਰਪ੍ਰੀਤ) : ਘਰੇਲੂ ਕਲੇਸ਼ ਕਾਰਣ ਬੀਤੇ 15 ਅਕਤੂਬਰ ਆਪਣੀ ਪਤਨੀ ਦਾ ਬੇਰਿਹਮੀ ਨਾਲ ਕਤਲ ਕਰ ਕੇ ਫਰਾਰ ਪਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਉਸ ਪਾਸੋਂ ਕਤਲ ਲਈ ਵਰਤੀ ਕੁਹਾੜੀ ਵੀ ਬਰਾਮਦ ਕਰ ਲਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਵਜੋਤ ਕੌਰ ਐੱਸ. ਪੀ. ਦਿਹਾਤੀ ਨੇ ਦੱਸਿਆ ਕਿ ਮਕਾਨ ਨੰਬਰ-129 ਬਸੰਤ ਵਿਹਾਰ ਫ਼ੇਜ਼-2, ਢਕੌਲੀ ਤੋਂ ਬੀਤੀ 15 ਅਕਤੂਬਰ ਨੂੰ ਪੁਲਸ ਨੂੰ ਸੁਚਨਾ ਮਿਲੀ ਕਿ ਮਕਾਨ ਦੇ ਬਾਥਰੂਮ 'ਚ ਸੁਦੇਸ਼ ਰਾਣੀ (45) ਦੀ ਖੂਨ ਨਾਲ ਲਥਪਥ ਲਾਸ਼ ਪਈ ਹੈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪੁਜ ਜਾਂਚ ਸ਼ੁਰੂ ਕੀਤੀ। ਕਤਲ ਕਰਨ ਤੋਂ ਬਾਅਦ ਮ੍ਰਿਤਕਾ ਦਾ ਪਤੀ ਅਸ਼ੋਕ ਸੈਣੀ ਮੌਕੇ ਤੋਂ ਫਰਾਰ ਹੋ ਗਿਆ ਸੀ। ਮਾਮਲੇ ਦੀ ਜਾਂਚ ਲਈ ਡੀ. ਐੱਸ. ਪੀ. ਗੁਰਬਖਸ਼ੀਸ਼ ਸਿੰਘ ਮਾਨ ਅਤੇ ਢਕੌਲੀ ਥਾਣੇ ਦੇ ਐੱਸ. ਐੱਚ. ਓ. ਨਰਪਿੰਦਰ ਸਿੰਘ ਦੀ ਦੇਖ-ਰੇਖ 'ਚ ਫਰਾਰ ਪਤੀ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਇਨ੍ਹਾਂ ਟੀਮਾਂ ਵਲੋਂ ਜ਼ੀਰਕਪੁਰ ਤੋਂ ਇਲਾਵਾ ਨਾਲ ਲੱਗਦੇ ਪੰਚਕੂਲਾ, ਚੰਡੀਗੜ੍ਹ ਵਿਖੇ ਵੀ ਦੋਸ਼ੀ ਦੀ ਭਾਲ ਕੀਤੀ ਗਈ।
ਇਹ ਵੀ ਪੜ੍ਹੋ : ਬੇਖੌਫ ਅਪਰਾਧੀ : ਹੁਣ ਸੈਕਟਰ-25 'ਚ ਸ਼ਰਾਬ ਠੇਕੇਦਾਰ 'ਤੇ ਫਾਇਰਿੰਗ
ਐੱਸ. ਪੀ. ਨੇ ਦੱਸਿਆ ਕਿ 18 ਅਕਤੂਬਰ ਨੂੰ ਐੱਸ. ਐੱਚ. ਓ. ਨਰਪਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਦੋਸ਼ੀ ਅਸ਼ੋਕ ਸੈਣੀ ਸੈਕਟਰ-17 ਚੰਡੀਗੜ੍ਹ ਵਿਖੇ ਘੁੰਮਦਾ ਵੇਖਿਆ ਗਿਆ, ਜਿਸ ਤੋਂ ਬਾਅਦ ਪੁਲਸ ਦੀ ਟੀਮ ਨੇ ਉੱਥੇ ਘੇਰਾਬੰਦੀ ਕਰ ਕੇ ਕਾਤਲ ਅਸ਼ੋਕ ਸੈਣੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਨਿਸ਼ਾਨਦੇਹੀ 'ਤੇ ਉਹ ਕੁਹਾੜੀ ਵੀ ਬਰਾਮਦ ਕਰ ਲਈ ਜਿਸ ਨਾਲ ਉਸ ਨੇ ਆਪਣੀ ਪਤਨੀ ਦੀ ਹੱਤਿਆ ਕੀਤੀ ਸੀ। ਪੁੱਛਗਿੱਛ 'ਚ ਪਤਾ ਲੱਗਿਆ ਕਿ ਉਸ ਦਾ ਆਪਣੇ ਪਤਨੀ ਨਾਲ ਕਲੇਸ਼ ਰਹਿੰਦਾ ਸੀ ਅਤੇ ਆਪਸ ਵਿਚ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਸੁੱਤੀ ਪਈ ਆਪਣੀ ਪਤਨੀ ਦਾ ਕੁਹਾੜੀ ਨਾਲ ਕਈ ਵਾਰ ਕਰ ਕੇ ਅਸ਼ੋਕ ਸੈਣੀ ਨੇ ਕਤਲ ਕਰ ਦਿੱਤਾ। ਉਸ ਨੇ ਜ਼ਖ਼ਮੀ ਹਾਲਤ ਵਿਚ ਖੂਨ ਨਾਲ ਲਥਪਥ ਆਪਣੀ ਪਤਨੀ ਨੂੰ ਬਾਥਰੂਮ ਵਿਚ ਘਸੀਟ ਕੇ ਬੰਦ ਕਰ ਕੇ ਬਾਹਰੋਂ ਤਾਲਾ ਲਾ ਦਿੱਤਾ। ਸਵੇਰੇ ਜਦੋਂ ਬੱਚਿਆਂ ਨੇ ਮਾਂ ਬਾਰੇ ਪੁੱਛਿਆ ਤਾਂ ਅਸ਼ੋਕ ਨੇ ਕਿਹਾ ਕਿ ਊਹ ਭੂਆ ਕੋਲ ਗਈ ਹੈ ਤੇ ਇਹ ਕਹਿ ਕੇ ਉਹ ਘਰੋਂ ਚਲਾ ਗਿਆ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਮੰਤਰੀਆਂ ਦੇ ਤਾਰ ਕੁੱਦ ਕੇ ਟੱਪਣ ਦਾ ਦੋਸ਼ ਲਗਾਇਆ, ਸਪੀਕਰ ਨੂੰ ਦਿੱਤਾ ਮੰਗ ਪੱਤਰ
ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਵੱਡਾ ਲੜਕਾ ਰੂਬਲ ਜੋ ਚੰਡੀਗੜ੍ਹ ਬੀ. ਏ. ਦੀ ਪੜ੍ਹਾਈ ਕਰ ਰਿਹਾ ਹੈ, ਨੇ ਭੂਆ ਨੂੰ ਫੋਨ ਕਰ ਕੇ ਪੁੱਛਿਆ ਤਾਂ ਉਨ੍ਹਾਂ ਉਸ ਦੀ ਮਾਂ ਦੇ ਉਥੇ ਨਾ ਆਉਣ ਦੀ ਗੱਲ ਆਖੀ। ਲੜਕੇ ਵਲੋਂ ਘਰ ਆ ਕੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਉਸ ਦੀ ਮਾਂ ਦੀ ਖੂਨ ਨਾਲ ਲਿਬੜੀ ਲਾਸ਼ ਪਈ ਸੀ। ਪੁਲਸ ਨੇ ਦੋਸ਼ੀ ਨੂੰ ਅਦਾਲਤ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਦੋਸ਼ੀ ਐਲੂਮੀਨੀਅਮ ਦੀ ਫਿਟਿੰਗ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਪਲਾਨਿੰਗ : 12 ਹਜ਼ਾਰ ਮਰੀਜ਼ਾਂ ਨੂੰ ਹੈਂਡਲ ਕਰਨਾ ਸੌਖਾ ਨਹੀਂ :ਪੀ. ਜੀ. ਆਈ. ਡਾਇਰੈਕਟਰ