NGO ਨੇ ‘ਪੰਜਾਬ ਗਾਇਬ’ ਦੇ ਨਾਂ ਨਾਲ ਬਣਾਈ ਡਾਕੂਮੈਂਟਰੀ ਫਿਲਮ, ਖ਼ਾਲਿਸਤਾਨ ਦਾ ਪ੍ਰਚਾਰ ਕੀਤਾ, ਕੇਸ ਦਰਜ

Wednesday, Apr 21, 2021 - 01:37 PM (IST)

ਚੰਡੀਗੜ੍ਹ (ਸੁਸ਼ੀਲ) : ਇਕ ਐੱਨ. ਜੀ. ਓ. ਨੇ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰਾਜੈਕਟ ਰਾਹੀਂ ਇਕ ਡਾਕੂਮੈਂਟਰੀ ਫ਼ਿਲਮ ‘ਪੰਜਾਬ ਗਾਇਬ’ ਦੇ ਨਾਂ ਨਾਲ ਬਣਾ ਕੇ ਖ਼ਾਲਿਸਤਾਨ ਸਮਰਥਕ ਅਨਸਰਾਂ ਦੇ ਏਜੰਡੇ ਦਾ ਪ੍ਰਚਾਰ ਕੀਤਾ। ਇਹ ਡਾਕੂਮੈਂਟਰੀ ਦਿੱਲੀ, ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਵਿਖਾਈ ਗਈ। ਇਸ ਦੀ ਜਾਣਕਾਰੀ ਭਾਰਤ ਸਰਕਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਮਿਲੀ।
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਅਸ਼ੋਕ ਕੁਮਾਰ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਚੰਡੀਗੜ੍ਹ ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਤੋਂ ਬਾਅਦ ਡਾਕੂਮੈਂਟਰੀ ਬਣਾਉਣ ’ਤੇ ਨਵੀਂ ਦਿੱਲੀ ਸਥਿਤ ਡਿਫੈਂਸ ਕਾਲੋਨੀ ਦੇ ਗਰਾਊਂਡ ਫਲੋਰ ਵਿਚ ਐੱਨ. ਜੀ. ਓ. ਅਤੇ ਸਤਨਾਮ ਸਿੰਘ ਖ਼ਿਲਾਫ਼ ਸੈਕਟਰ-36 ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਗ੍ਰਹਿ ਮੰਤਰਾਲੇ ਨੂੰ ਮਿਲੇ ਸਨ ਇਨਪੁੱਟਸ
ਅਸ਼ੋਕ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਨੂੰ ਇਨਪੁੱਟਸ ਮਿਲੇ ਸਨ ਕਿ ਦਿੱਲੀ ਦੀ ਇਕ ਐੱਨ. ਜੀ. ਓ. ਵੱਲੋਂ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰਾਜੈਕਟ ਰਾਹੀਂ ਇਕ ਡਾਕੂਮੈਂਟਰੀ ਫ਼ਿਲਮ ‘ਪੰਜਾਬ ਗਾਇਬ’ ਨਾਂ ਨਾਲ ਬਣਾ ਕੇ ਖ਼ਾਲਿਸਤਾਨੀ ਸਮਰਥਕਾਂ ਦੇ ਏਜੰਡੇ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਪ੍ਰਚਾਰ 26 ਅਪ੍ਰੈਲ ਨੂੰ ਦਿੱਲੀ ਵਿਚ, 25 ਮਈ ਨੂੰ ਚੰਡੀਗੜ੍ਹ ਅਤੇ 7 ਮਈ ਨੂੰ ਅੰਮ੍ਰਿਤਸਰ ਵਿਚ ਫ਼ਿਲਮ ਦਿਖਾ ਕੇ ਕੀਤਾ ਗਿਆ। ਇਨਪੁੱਟਸ ਮਿਲਣ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ। ਜਾਂਚ ਵਿਚ ਪਤਾ ਲੱਗਾ ਕਿ ਇਹ ਡਾਕੂਮੈਂਟਰੀ ਫ਼ਿਲਮ ਖ਼ਾਲਿਸਤਾਨੀ ਸਮਰਥਕਾਂ ਨੂੰ ਖੜ੍ਹਾ ਕਰ ਰਹੀ ਹੈ।
ਸੈਕਟਰ-35 ਸਥਿਤ ਆਈ. ਐੱਮ. ਏ. ਦੇ ਕੰਪਲੈਕਸ ’ਚ ਹੋਈ ਸਕ੍ਰੀਨਿੰਗ
ਜਾਂਚ ਵਿਚ ਪਤਾ ਲੱਗਿਆ ਕਿ ਡਾਕੂਮੈਂਟਰੀ ਦੀ ਸਕ੍ਰੀਨਿੰਗ ਡੀ. ਆਰ. ਪੀ. ਐੱਨ ਚੁਟਾਨੀ ਮੈਮੋਰੀਅਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਕੰਪਲੈਕਸ ਸੈਕਟਰ-35 ਨੇ ਚੰਡੀਗੜ੍ਹ ਵਿਚ 25 ਮਈ, 2019 ਨੂੰ ਕੇਂਦਰੀ ਸੈਂਸਰ ਬੋਰਡ ਤੋਂ ਇਜਾਜ਼ਤ ਬਿਨਾਂ ਹੋਈ ਸੀ। ਡਾਕੂਮੈਂਟਰੀ ਫਿਲਮ ਲਈ ਕੇਂਦਰੀ ਫ਼ਿਲਮ ਸੈਂਸਰ ਬੋਰਡ ਤੋਂ ਮਨਜ਼ੂਰੀ ਜ਼ਰੂਰੀ ਹੈ। ਐੱਨ. ਜੀ. ਓ. ਡਾਕੂਮੈਂਟਰੀ ਫ਼ਿਲਮ ਬਣਾ ਕੇ ਖਾਲਿਸਤਾਨ ਨੂੰ ਉਤਸ਼ਾਹ ਦੇ ਰਹੀ ਹੈ।
 


Babita

Content Editor

Related News