ਡਾਕਟਰਾਂ ਦੀ ਹੜਤਾਲ, ਮਰੀਜ਼ ਹੋਏ ਬੇਹਾਲ

Wednesday, Jan 03, 2018 - 07:06 AM (IST)

ਡਾਕਟਰਾਂ ਦੀ ਹੜਤਾਲ, ਮਰੀਜ਼ ਹੋਏ ਬੇਹਾਲ

ਜਲੰਧਰ, (ਮਹੇਸ਼)- ਨੈਸ਼ਨਲ ਮੈਡੀਕਲ ਬਿੱਲ ਦੇ ਵਿਰੋਧ ਵਿਚ ਅੱਜ ਦੇਸ਼ ਭਰ ਵਿਚ ਐੱਮ. ਬੀ. ਬੀ. ਐੱਸ. ਡਾਕਟਰਾਂ ਦੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਵਲੋਂ ਮੰਗਲਵਾਰ ਨੂੰ ਕੀਤੀ ਗਈ ਹੜਤਾਲ ਕਾਰਨ ਮਹਾਨਗਰ ਦੇ ਸਾਰੇ  ਹਸਪਤਾਲਾਂ ਦੇ ਡਾਕਟਰਾਂ ਨੇ ਵੀ ਅੱਜ ਦੇ ਦਿਨ ਨੂੰ ਕਾਲਾ ਦਿਨ ਦੇ ਤੌਰ 'ਤੇ ਮਨਾਇਆ ਤੇ ਬਿੱਲ ਦਾ ਸਖ਼ਤ ਵਿਰੋਧ ਕੀਤਾ। ਸਾਰੇ ਹਸਪਤਾਲਾਂ ਵਿਚ ਸਵੇਰੇ 6 ਤੋਂ ਲੈ ਕੇ ਸ਼ਾਮ 6 ਵਜੇ ਤੱਕ ਕੋਈ ਵੀ ਓ. ਪੀ. ਡੀ. ਨਹੀਂ ਦੇਖੀ ਗਈ, ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੋਈ ਵੀ ਡਾਕਟਰ ਹਸਪਤਾਲ ਵਿਚ ਦੇਖਣ ਨੂੰ ਨਹੀਂ ਮਿਲਿਆ। ਸਾਰੇ ਹਸਪਤਾਲ ਸੁੰਨਸਾਨ ਦੇਖਣ ਨੂੰ ਮਿਲੇ, ਜਦੋਂਕਿ ਹਰ ਰੋਜ਼ ਇਨ੍ਹਾਂ ਹਸਪਤਾਲਾਂ ਵਿਚ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਲੋਕਾਂ ਦੀ ਇੰਨੀ ਭੀੜ ਹੁੰਦੀ ਹੈ ਕਿ ਹਸਪਤਾਲ ਵਿਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਲਈ ਉਨ੍ਹਾਂ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਮੈਡੀਕਲ ਸਟੋਰਾਂ 'ਤੇ ਵੀ ਪਿਆ ਅਸਰ
ਡਾਕਟਰਾਂ ਦੀ ਅੱਜ ਦੀ ਹੜਤਾਲ ਦਾ ਹਸਪਤਾਲਾਂ ਦੇ ਅੰਦਰ ਚੱਲਦੇ ਮੈਡੀਕਲ ਸਟੋਰਾਂ ਤੇ ਬਾਜ਼ਾਰ ਦੇ ਮੈਡੀਕਲ ਸਟੋਰਾਂ 'ਤੇ ਵੀ ਕਾਫੀ ਅਸਰ ਪਿਆ। ਬੈਂਸ ਮੈਡੀਕਲ ਸਟੋਰ ਨੰਗਲਸ਼ਾਮਾ ਦੇ ਮਾਲਕ ਵਿਜੇ ਕੁਮਾਰ ਅਰੋੜਾ ਨੇ ਕਿਹਾ ਕਿ ਹੜਤਾਲ ਕਾਰਨ ਅੱਜ ਮੈਡੀਕਲ ਸਟੋਰਾਂ 'ਤੇ ਦਵਾਈ ਲੈਣ ਬਹੁਤ ਘੱਟ ਲੋਕ ਆਏ ਕਿਉਂਕਿ ਹਸਪਤਾਲਾਂ ਵਿਚ ਓ. ਪੀ. ਡੀ. ਬੰਦ ਸੀ। 
ਚੈਰੀਟੇਬਲ ਹਸਪਤਾਲਾਂ ਦਾ ਲੋਕਾਂ ਨੂੰ ਮਿਲਿਆ ਲਾਭ
ਆਈ. ਐੱਮ. ਏ. ਦੀ ਹੜਤਾਲ ਕਾਰਨ ਲੋਕਾਂ ਨੂੰ ਚੈਰੀਟੇਬਲ ਹਸਪਤਾਲਾਂ ਦਾ ਲਾਭ ਮਿਲਿਆ। ਰਾਮਾ ਮੰਡੀ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਡਿਸਪੈਂਸਰੀ ਵਿਚ ਓ. ਪੀ. ਡੀ. ਦੀ ਗਿਣਤੀ ਆਮ ਦਿਨਾਂ ਨਾਲੋਂ ਵੱਧ ਰਹੀ, ਜਿਸ ਦੀ ਪੁਸ਼ਟੀ ਡਿਸਪੈਂਸਰੀ ਦੇ ਇੰਚਾਰਜ ਡਾ. ਮਨੀਸ਼ ਅਗਰਵਾਲ ਨੇ ਕੀਤੀ। ਇਸੇ ਤਰ੍ਹਾਂ ਤੱਲ੍ਹਣ ਸਥਿਤ ਚੈਰੀਟੇਬਲ ਹਸਪਤਾਲ ਵਿਚ ਮਰੀਜ਼ ਰੋਜ਼ ਵਾਂਗ ਚੈੱਕ ਕੀਤੇ ਗਏ।
ਰਿਸੈਪਸ਼ਨ ਦੇ ਸਟਾਫ ਨੂੰ ਮਿਲਿਆ ਗੱਪਾਂ ਮਾਰਨ ਦਾ ਮੌਕਾ
ਰਿਸੈਪਸ਼ਨ 'ਤੇ ਤਾਇਨਾਤ ਸਟਾਫ ਨੂੰ ਅਕਸਰ ਬਿਜ਼ੀ ਦੇਖਿਆ ਜਾਂਦਾ ਹੈ ਪਰ ਅੱਜ ਸਵੇਰ ਤੋਂ ਸਟਾਫ ਡਿਊਟੀ 'ਤੇ ਤਾਂ ਮੌਜੂਦ ਸੀ ਪਰ ਕੋਈ ਕੰਮ ਨਾ ਹੋਣ ਕਾਰਨ ਉਨ੍ਹਾਂ ਨੇ ਗੱਪਾਂ ਮਾਰ ਕੇ ਸਮਾਂ ਪੂਰਾ ਕੀਤਾ। ਠੰਡ ਕਾਰਨ ਸਟਾਫ ਮੈਂਬਰ ਹੀਟਰ ਸੇਕਦੇ ਵੀ ਨਜ਼ਰ ਆਏ। 


Related News