ਰਿਵਾਲਵਰ ਤੇ ਤੇਜ਼ਧਾਰ ਹਥਿਆਰ ਦਿਖਾ ਕੇ ਡਾਕਟਰ ਪਤੀ-ਪਤਨੀ ਨੂੰ ਲੁੱਟਿਆ
Tuesday, May 08, 2018 - 01:05 AM (IST)

ਨੰਗਲ, (ਜ.ਬ.)- ਰਿਵਾਲਵਰ ਤੇ ਤੇਜ਼ਧਾਰ ਹਥਿਆਰਾਂ ਦੇ ਦਮ 'ਤੇ ਸ਼ਹਿਰ ਦੇ ਇਕ ਸੀਨੀਅਰ ਡਾਕਟਰ ਪਤੀ-ਪਤਨੀ ਨੂੰ ਬੰਧਕ ਬਣਾ ਕੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੇ ਹਸਪਤਾਲ ਤੋਂ ਰਿਟਾਇਰਡ ਹੋਏ ਸੀ.ਐੱਮ.ਓ. ਡਾਕਟਰ ਆਰ.ਐੱਸ. ਹੈਂਕੀ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਤੋਂ ਬਾਅਦ ਘਰ ਦੀ ਡੋਰ ਬੈਲ ਸੁਣਨ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਕੋਈ ਮਰੀਜ਼ ਆਇਆ ਹੋਵੇਗਾ ਤੇ ਘਰ ਦਾ ਮੁੱਖ ਦਰਵਾਜ਼ਾ ਖੋਲ੍ਹ ਦਿੱਤਾ। ਅਚਾਨਕ 2 ਨੌਜਵਾਨ ਘਰ ਦੇ ਅੰਦਰ ਵੜ ਆਏ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ ਤੇ ਅੰਦਰ ਆਉਂਦੇ ਹੀ ਉਸ ਦੇ ਸਿਰ 'ਤੇ ਰਿਵਾਲਵਰ ਤਾਣ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਕ ਪਾਸੇ ਰਿਵਾਲਵਰ ਤੇ ਦੂਜੇ ਪਾਸੇ ਤੇਜ਼ਧਾਰ ਹਥਿਆਰ ਸੀ। ਰੌਲਾ ਸੁਣ ਕੇ ਉਨ੍ਹਾਂ ਦੀ ਪਤਨੀ ਵੀ ਦੂਜੇ ਕਮਰੇ ਤੋਂ ਆ ਗਈ, ਜਿਸ ਨੂੰ ਲੁਟੇਰਿਆਂ ਨੇ ਡਰਾ ਕੇ ਕਮਰੇ ਦੇ ਕੋਨੇ 'ਚ ਖੜ੍ਹਾ ਕਰ ਦਿੱਤਾ। ਫਿਰ ਉਹ ਪੈਸੇ ਤੇ ਗਹਿਣੇ ਮੰਗਣ ਲੱਗੇ। ਉਨ੍ਹਾਂ ਦੋਵਾਂ ਨੂੰ ਕਰੀਬ 20 ਮਿੰਟ ਤੱਕ ਬੰਧਕ ਬਣਾ ਕੇ ਰੱਖਿਆ ਗਿਆ। ਫਿਰ ਉਸ ਦੀ ਪਤਨੀ ਰਾਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਗਹਿਣੇ ਇਥੇ ਨਹੀਂ ਹਨ, ਬੈਂਕ 'ਚ ਰੱਖੇ ਹਨ।
ਇਸ ਤੋਂ ਬਾਅਦ ਉਹ ਰਾਜਿੰਦਰ ਕੌਰ ਹੈਂਕੀ ਦੇ ਗਲੇ 'ਚ ਪਾਈ 12 ਗ੍ਰਾਮ ਦੀ ਸੋਨੇ ਦੀ ਚੇਨ, ਵਾਲੀਆਂ ਤੇ 7 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਲੈ ਗਏ। ਸੂਚਨਾ ਮਿਲਣ 'ਤੇ ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।