...ਤੇ ਜਦੋਂ ਕੈਂਪ ਛੱਡ ਕੇ ਡਾਕਟਰ ਵਾਪਸ ਪਰਤ ਗਏ

Saturday, Jul 22, 2017 - 09:54 AM (IST)

...ਤੇ ਜਦੋਂ ਕੈਂਪ ਛੱਡ ਕੇ ਡਾਕਟਰ ਵਾਪਸ ਪਰਤ ਗਏ

ਤਲਵੰਡੀ ਸਾਬੋ (ਮੁਨੀਸ਼) : ਅਪਾਹਜ ਵਿਅਕਤੀਆਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਲਗਾਏ ਗਏ ਕੈਂਪ ਦੌਰਾਨ ਡਾਕਟਰ ਨਿਰਧਾਰਤ ਸਮੇਂ ਤੋਂ ਇਕ ਘੰਟਾ ਲੇਟ ਆਏ ਤੇ ਫਿਰ ਮਰੀਜ਼ਾਂ ਨੂੰ ਛੱਡ ਕੇ ਜਾਣ ਕਾਰਨ ਅਪਾਹਜਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਮਲਾ ਸਿਵਲ ਸਰਜਨ ਬਠਿੰਡਾ ਕੋਲ ਪੁੱਜਾ ਤਾਂ ਡਾਕਟਰ ਰਸਤੇ 'ਚੋਂ ਮੁੜ ਕੇ ਵਾਪਸ ਆਏ ਤੇ ਮਰੀਜ਼ਾਂ ਦੇ ਸਰਟੀਫਿਕੇਟ ਬਣਾਏ ਗਏ।
ਜਾਣਕਾਰੀ ਅਨੁਸਾਰ ਅਪਹਾਜ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਬਣਾਉਣ, ਅਪਡੇਟ ਕਰਨ, ਪੈਨਸ਼ਨ ਫਾਰਮ, ਰੇਲਵੇ ਅਤੇ ਬੱਸ ਸਫ਼ਰ ਸਹੂਲਤਾਂ, ਮੈਡੀਕਲ ਬੀਮਾ ਸਬੰਧੀ ਸਿਹਤ ਵਿਭਾਗ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ 'ਚ ਮੈਡੀਕਲ ਕੈਂਪ ਲਾਏ ਜਾ ਰਹੇ ਹਨ, ਜਿਸ ਤਹਿਤ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਵਿਖੇ ਕੈਂਪ ਡਾ. ਰਸ਼ਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ 'ਚ ਲਾਇਆ ਗਿਆ, ਜਿਸ 'ਚ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦੇ 600 ਤੋਂ ਵੱਧ ਅਪਾਹਜ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਮਰੀਜ਼ਾਂ ਨੂੰ ਪਰਚੀਆਂ ਅਤੇ ਫਾਰਮ ਭਰਨ ਲਈ ਭਾਵੇਂ ਸਿਹਤ ਵਿਭਾਗ ਦਾ ਸਟਾਫ ਸਮੇਂ ਤੋਂ ਪਹਿਲਾਂ ਪੁੱਜ ਕੇ ਤਿਆਰੀ ਕਰ ਚੁੱਕਾ ਸੀ ਪਰ ਅਪਾਹਜ ਵਿਅਕਤੀਆਂ ਦੇ ਚੈੱਕਅਪ ਕਰਨ ਵਾਲੇ ਡਾਕਟਰ ਸਾਹਿਬ ਨਿਰਧਾਰਤ ਸਮੇਂ ਤੋਂ ਕਰੀਬ ਇਕ ਘੰਟਾ ਲੇਟ ਆਏ, ਇੰਨਾ ਹੀ ਨਹੀਂ ਆਉਣ ਤੋਂ ਬਾਅਦ ਨਸ਼ਾ ਮੁਕਤੀ ਕੇਂਦਰ ਦੇ ਕਮਰਿਆਂ 'ਚ ਲੱਗੇ ਪੱਖੇ ਥੱਲੇ ਚੈੱਕਅਪ ਕਰਨ ਲਈ ਤਿਆਰ ਨਾ ਹੋਏ ਤੇ ਇਧਰ ਉਧਰ ਏ. ਸੀ. ਕਮਰੇ ਦੀ ਭਾਲ ਕਰਦੇ ਰਹੇ। ਅਖੀਰ 'ਚ ਉੱਚ ਅਧਿਕਾਰੀਆਂ ਦੇ ਕਹਿਣ ਤੋਂ ਬਾਅਦ ਪੱਖੇ ਵਾਲੇ ਕਮਰੇ ਵਿਚ ਬੈਠਣ ਲਈ ਤਿਆਰ ਹੋਏ। ਮਾਮਲਾ ਇਥੇ ਹੀ ਨਹੀਂ ਖਤਮ ਹੋਇਆ, ਇਸ ਤੋਂ ਬਾਅਦ ਡਾਕਟਰ ਸਾਹਿਬ 2 ਵਜੇ ਕੈਂਪ ਨੂੰ ਚੱਲਦਾ ਛੱਡ ਕੇ ਚੱਲਦੇ ਬਣੇ। ਇਸ ਬਾਰੇ ਕੈਂਪ ਦੀ ਦੇਖ-ਰੇਖ ਕਰ ਰਹੇ ਡਾ. ਰਸ਼ਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਨੂੰ ਵੀ ਨਹੀਂ ਪਤਾ ਲੱਗਿਆ ਤੇ ਨਾ ਹੀ ਉਨ੍ਹਾਂ ਨੂੰ ਜਾਣ ਬਾਰੇ ਡਾਕਟਰਾਂ ਨੇ ਕੋਈ ਜਾਣਕਾਰੀ ਦੇਣੀ ਜ਼ਰੂਰੀ ਸਮਝੀ। ਜਦੋਂ ਕਿ ਉਥੇ ਕਰੀਬ ਤਿੰਨ ਦਰਜਨ ਤੋਂ ਵੱਧ ਅਪਾਹਜ ਵਿਅਕਤੀ ਸਰਟੀਫਿਕੇਟ ਬਣਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।
ਮਾਮਲੇ ਦਾ ਪਤਾ ਲੱਗਦਿਆਂ ਹੀ ਸੀਨੀਅਰ ਮੈਡੀਕਲ ਅਫਸਰ ਨੇ ਡਾਕਟਰਾਂ ਦੀ ਇਸ ਕਰਤੂਤ ਬਾਰੇ ਸਿਵਲ ਸਰਜਨ ਬਠਿੰਡਾ ਨੂੰ ਦੱਸਿਆ, ਜਿਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਾਕਟਰਾਂ ਨੂੰ ਤੁਰੰਤ ਕੈਂਪ ਵਿਚ ਵਾਪਸ ਜਾਣ ਦੀ ਸਖ਼ਤ ਹਦਾਇਤ ਕੀਤੀ। ਉਧਰ ਡਾ. ਰਸ਼ਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਕੈਂਪ ਦੌਰਾਨ 120 ਦੇ ਕਰੀਬ ਸਰਟੀਫਿਕੇਟ ਮੌਕੇ 'ਤੇ ਜਾਰੀ ਕਰ ਦਿੱਤੇ ਗਏ ਹਨ, ਜਦੋਂ ਕਿ 90 ਅਪਾਹਜ ਵਿਅਕਤੀਆਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਸਰਟੀਫਿਕੇਟ ਡਾਕਟਰ ਦੀ ਸਲਾਹ ਤੋਂ ਬਾਅਦ ਬਣਾਏ ਜਾਣਗੇ।
ਕੀ ਕਹਿੰਦੇ ਹਨ ਅਧਿਕਾਰੀ
ਜਦੋਂ ਸਾਰੇ ਮਾਮਲੇ ਬਾਰੇ ਸਿਵਲ ਸਰਜਨ ਬਠਿੰਡਾ ਡਾ. ਐੱਚ. ਐੱਨ. ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਡਾਕਟਰ ਕੈਂਪ ਵਿਚ ਨਹੀਂ ਹਨ, ਦੀ ਸ਼ਿਕਾਇਤ ਉਨ੍ਹਾਂ ਨੂੰ ਸੀਨੀਅਰ ਮੈਡੀਕਲ ਅਫਸਰ ਨੇ ਦਿੱਤੀ ਸੀ। ਇਸ ਕਰ ਕੇ ਉਨ੍ਹਾਂ ਤੁਰੰਤ ਸਾਰੇ ਡਾਕਟਰਾਂ ਨੂੰ ਕੈਂਪ ਵਿਚ ਪੁੱਜਣ ਲਈ ਕਿਹਾ। ਜਦੋਂ ਉਨ੍ਹਾਂ ਨੂੰ ਡਾਕਟਰਾਂ ਦੇ ਲੇਟ ਪੁੱਜਣ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਡਾਕਟਰਾਂ ਤੋਂ ਪੁੱਛਿਆ ਜਾਵੇਗਾ।


Related News