ਪੰਜਾਬ 'ਚ ਜਲਦ ਭਰੀਆਂ ਜਾਣਗੀਆਂ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀਆਂ ਪੋਸਟਾਂ : ਸਿਹਤ ਮੰਤਰੀ

12/24/2019 7:32:33 PM

ਮਾਨਸਾ,(ਸੰਦੀਪ ਮਿੱਤਲ) : ਆਲ ਇੰਡੀਆ ਕਾਂਗਰਸ ਦੇ ਮੈਂਬਰ ਐਡਵੋਕੇਟ ਕੁਲਵੰਤ ਰਾਏ ਸਿੰਗਲਾ ਨੇ ਪਾਰਟੀ ਵਰਕਰਾਂ ਦੇ ਵਫਦ ਨੂੰ ਲੈ ਕੇ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਵੱਡੀ ਪੱਧਰ 'ਤੇ ਖਾਲੀ ਪਈਆਂ ਅਸਾਮੀਆਂ ਬਾਰੇ ਜਾਣੂ ਕਰਵਾਉਣ ਲਈ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਨੂੰ ਮੰਗ-ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਅਤੇ ਪੀ. ਡਬਲਯੂ. ਡੀ. ਮੰਤਰੀ ਵਿਜੇਇੰਦਰ ਸਿੰਗਲਾ ਵੀ ਮੌਜੂਦ ਸਨ। ਉਨ੍ਹਾਂ ਨੂੰ ਮੰਗ-ਪੱਤਰ ਦੇਣ ਉਪਰੰਤ ਐਡਵੋਕੇਟ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਵੱਡੀ ਘਾਟ ਹੈ, ਜਿਸ ਕਾਰਣ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਉਹ ਸਰਕਾਰੀ ਤੌਰ 'ਤੇ ਮਿਲਣ ਵਾਲੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਇਧਰ-ਉਧਰ ਭਟਕਣਾ ਪੈਂਦਾ ਹੈ। ਉਨ੍ਹਾਂ ਮੰਗ-ਪੱਤਰ 'ਚ ਇਹ ਵੀ ਜ਼ਿਕਰ ਕੀਤਾ ਕਿ ਮਾਨਸਾ ਜ਼ਿਲਾ ਪੰਜਾਬ ਅਤੇ ਹਰਿਆਣਾ ਦੀ ਹੱਦ 'ਤੇ ਪੈਂਦਾ ਹੈ। ਜਿਥੇ ਕੋਈ ਸਰਕਾਰੀ ਡਾਕਟਰ ਆਉਣ ਲਈ ਤਿਆਰ ਨਹੀਂ। ਇਸ ਲਈ ਇਸ ਜ਼ਿਲੇ ਅੰਦਰ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਅਸਾਮੀਆਂ ਪਹਿਲ ਦੇ ਅਧਾਰ 'ਤੇ ਭਰੀਆਂ ਜਾਣ। ਸਿਹਤ ਮੰਤਰੀ ਨੇ ਮੰਗ-ਪੱਤਰ ਲੈਣ ਉਪਰੰਤ ਵਿਸਵਾਸ਼ ਦਿਵਾਇਆ ਕਿ ਪੰਜਾਬ 'ਚ ਜਲਦ ਹੀ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀਆਂ ਪੋਸਟਾਂ ਜਲਦ ਭਰੀਆਂ ਜਾਣਗੀਆਂ।

ਇਸ ਮੌਕੇ ਜਗਰਾਜ ਸਿੰਘ ਕਾਲਾ, ਪ੍ਰਵੀਨ ਕੁਮਾਰ ਬੌਬੀ, ਸਤੀਸ਼ ਭਾਟੀਆ, ਸਵਰਨ ਖੁਡਾਲ, ਲਾਲੂ ਭਾਰਦਵਾਜ, ਰਾਮਲਾਜ ਸਿੰਘ ਸਰਪੰਚ ਪਿੰਡ ਬਹਾਦਰਪੁਰ, ਮੋਹਨ ਸਿੰਘ ਸਰਪੰਚ ਖੁਡਾਲ ਕਲਾਂ, ਕੌਂਸਲਰ ਵਿਨੋਦ ਸਿੰਗਲਾ, ਬਲਵਿੰਦਰ ਵਿੱਕੀ, ਜਸਵੰਤ ਸਿੰਘ ਕਾਹਨਗੜ੍ਹ, ਸੁੱਖਾ ਸਿੰਘ ਧਲੇਵਾਂ, ਜਸਵਿੰਦਰ ਸਿੰਘ ਕੁਲਰੀਆਂ, ਛਾਣਾ ਸਿੰਘ ਕੁਲਰੀਆਂ ਆਦਿ ਹੋਰ ਪਾਰਟੀ ਵਰਕਰ ਹਾਜ਼ਰ ਸਨ।


Related News