ਦੋਆਬਾ ਹਸਪਤਾਲ 'ਚ ਦਾਖਲ ਦੋਵੇਂ ਬੱਚਿਆਂ ਦੀ ਰਿਪੋਰਟ ਆਈ ਨੈਗੇਟਿਵ

Saturday, Mar 07, 2020 - 04:09 PM (IST)

ਦੋਆਬਾ ਹਸਪਤਾਲ 'ਚ ਦਾਖਲ ਦੋਵੇਂ ਬੱਚਿਆਂ ਦੀ ਰਿਪੋਰਟ ਆਈ ਨੈਗੇਟਿਵ

ਜਲੰਧਰ (ਰੱਤਾ) : ਕੋਰੋਨਾ ਵਾਇਰਸ ਦਾ ਸ਼ੱਕ ਹੋਣ ਕਾਰਨ ਪਿਛਲੇ ਦਿਨੀਂ ਦੋ ਬੱਚਿਆਂ ਨੂੰ ਸਥਾਨਕ ਨਕੋਦਰ ਚੌਂਕ ਦੇ ਨੇੜੇ ਸਥਿਤ ਦੋਆਬਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸੈਂਪਲ ਭੇਜਣ 'ਤੇ ਅੱਜ ਉਨ੍ਹਾਂ ਦੋਹਾਂ ਬੱਚਿਆਂ ਦੀ ਰਿਪੋਰਟ ਆ ਗਈ, ਉਨ੍ਹਾਂ ਦੋਹਾਂ ਬੱਚਿਆਂ ਦਾ ਕੋਰੋਨਾ ਵਾਇਰਸ ਦਾ ਟੈਸਟ ਨੈਗੇਟਿਵ ਆਇਆ। ਦੱਸਣਯੋਗ ਹੈ ਕਿ ਉਕਤ ਦੋਵੇਂ ਬੱਚੇ ਐਲੈਕਸ ਅਤੇ ਐਲੀਸੀਆ ਪਿਛਲੇ ਦਿਨੀਂ ਇਟਲੀ ਤੋਂ ਸਥਾਨਕ ਪੱਕਾ ਬਾਗ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ ਸਨ, ਜਿੱਥੇ ਉਨ੍ਹਾਂ ਨੂੰ ਬੁਖਾਰ ਤੇ ਖਾਂਸੀ ਹੋਣ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਚੈੱਕ ਕਰਵਾਉਣ ਲਈ ਲੈ ਗਏ। ਉੱਥੇ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਸ਼ੱਕ ਜ਼ਾਹਰ ਕੀਤਾ, ਜਿਸ ਦੇ ਚੱਲਦੇ ਦੋਵੇਂ ਬੱਚਿਆਂ ਨੂੰ ਬੁੱਧਵਾਰ ਦੇਰ ਰਾਤ ਦੋਆਬਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਿਹਤ ਵਿਭਾਗ ਨੇ ਦੋਵੇਂ ਬੱਚਿਆਂ ਦੇ ਸੈਂਪਲ ਲੈ ਕੇ ਵੀਰਵਾਰ ਨੂੰ ਜਾਂਚ ਲਈ ਦਿੱਲੀ ਭੇਜੇ ਸਨ। ਦੋਆਬਾ ਹਸਪਤਾਲ ਦੇ ਡਾ. ਆਸ਼ੂਤੋਸ਼ ਨੇ ਦੱਸਿਆ ਕਿ ਦੋਵੇਂ ਬੱਚਿਆਂ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਪੱਕਾ ਬਾਗ 'ਚ ਵਿਦੇਸ਼ ਤੋਂ ਆਏ ਇਕ ਪਰਿਵਾਰ ਦੇ 2 ਬੱਚਿਆਂ ਨੂੰ ਬੁਖਾਰ ਅਤੇ ਖਾਂਸੀ ਹੋਣ ਕਾਰਨ ਡਾਕਟਰਾਂ ਵਲੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋਣ ਦਾ ਸ਼ੱਕ ਜ਼ਾਹਰ ਕੀਤਾ ਗਿਆ। ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਨੇ ਬੱਚਿਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਉਣ ਦੀ ਸਲਾਹ ਦਿੱਤੀ। ਬੱਚਿਆਂ ਦੇ ਪਰਿਵਾਰ ਜਦੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਕੇ ਗਏ ਤਾਂ ਉੱਥੋਂ ਉਹ ਇਹ ਕਹਿ ਕੇ ਚੱਲੇ ਗਏ ਕਿ ਉਹ ਬੱਚਿਆਂ ਨੂੰ ਦੋਆਬਾ ਹਸਪਤਾਲ ਦਾਖਲ ਕਰਵਾ ਦੇਣ। ਦੋਆਬਾ ਹਸਪਤਾਲ ਦੇ ਡਾ. ਆਸ਼ੂਤੋਸ਼ ਵਲੋਂ ਦੋਵੇਂ ਬੱਚਿਆਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਸੀ ਅਤੇ ਦੋਹਾਂ ਬੱਚਿਆਂ ਦੇ ਟੈਸਟ ਕਰਵਾਏ ਗਏ।

ਕੋਰੋਨਾ ਵਾਇਰਸ ਨੇ ਉਡਾਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ
ਦੁਨੀਆ ਦੇ ਕਈ ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਜਿੱਥੇ ਹਰ ਕੋਈ ਪੂਰੀ ਤਰ੍ਹਾਂ ਡਰਿਆ ਹੋਇਆ ਹੈ, ਉਥੇ ਹੀ ਇਸ ਵਾਇਰਸ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਵੀ ਨੀਂਦ ਉਡਾਈ ਹੋਈ ਹੈ। ਚੀਨ ਸਣੇ ਵਿਸ਼ਵ ਭਰ 'ਚ ਇਕ ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ 'ਚ ਹਨ। ਕੋਰੋਨਾ ਵਾਇਰਸ ਕਾਰਨ ਚੀਨ 'ਚ ਹੋਰ 28 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 3,073 ਹੋ ਗਈ ਹੈ।

ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ 80,813 ਲੋਕਾਂ 'ਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤਕ 55,404 ਲੋਕਾਂ ਦਾ ਇਲਾਜ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਚੀਨ ਤੋਂ ਬਾਹਰ ਵਾਇਰਸ ਕਾਰਨ 19,700 ਲੋਕ ਵਾਇਰਸ ਦੀ ਲਪੇਟ 'ਚ ਹਨ ਜਦਕਿ 360 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਦੱਖਣੀ ਕੋਰੀਆ 'ਚ ਪੀੜਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇੱਥੇ 6,593 ਲੋਕ ਵਾਇਰਸ ਦੀ ਲਪੇਟ 'ਚ ਹਨ ਤੇ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਕਾਰਨ ਬਹੁਤ ਸਾਰੇ ਜਨਤਕ ਸਮਾਗਮ ਜਿਵੇਂ ਸੰਗੀਤ, ਡਾਂਸ ਤੇ ਧਾਰਮਿਕ ਸਮਾਗਮ ਰੱਦ ਕਰ ਦਿੱਤੇ ਗਏ ਹਨ।


author

Anuradha

Content Editor

Related News