ਕੀ RDF ਦੇ 1000 ਕਰੋੜ ਦੇ ਘਾਟੇ ਦਾ ਮੁੱਦਾ ਭਾਜਪਾ ਨੇਤਾ PM ਸਾਹਮਣੇ ਉਠਾਉਣ ਦੀ ਹਿੰਮਤ ਰੱਖਦੇ ਹਨ : ਭਗਵੰਤ ਮਾਨ
Friday, May 05, 2023 - 09:15 AM (IST)
ਜਲੰਧਰ (ਧਵਨ) : ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ ਮਾਮਲਿਆਂ ’ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਦੋਸ਼ ਲਾਇਆ ਹੈ ਕਿ ਭਾਜਪਾ ਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਆਰ. ਡੀ. ਐੱਫ. ਦਾ ਲਗਭਗ 1000 ਕਰੋੜ ਰੁਪਏ ਦਾ ਘਾਟਾ ਪੰਜਾਬ ਨੂੰ ਪਾਇਆ ਹੈ। ਕੀ ਕੈਪਟਨ, ਜਾਖੜ, ਮਨਪ੍ਰੀਤ ਬਾਦਲ ਤੇ ਬੈਂਸ ਭਰਾ ਇੰਨੀ ਹਿੰਮਤ ਰੱਖਦੇ ਹਨ ਕਿ ਉਹ ਇਸ ਮਾਮਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਉਠਾ ਸਕਣ? ਮੁੱਖ ਮੰਤਰੀ ਨੇ ਆਪਣੇ ਟਵੀਟ ਵਿਚ ਪੁੱਛਿਆ ਕਿ ਰਾਣਾ ਸੋਢੀ, ਕਾਂਗੜ, ਫਤਿਹਜੰਗ ਬਾਜਵਾ, ਇੰਦਰ ਇਕਬਾਲ ਸਿੰਘ ਅਟਵਾਲ ਜੋ ਹੁਣੇ ਜਿਹੇ ਭਾਜਪਾ ਵਿਚ ਸ਼ਾਮਲ ਹੋਏ ਸਨ, ਉਹ ਪੰਜਾਬ ਨੂੰ ਪਹੁੰਚੇ ਇਸ ਨੁਕਸਾਨ ਦਾ ਮੁੱਦਾ ਮੋਦੀ ਜੀ ਦੇ ਸਾਹਮਣੇ ਉਠਾ ਸਕਣਗੇ?
ਇਹ ਵੀ ਪੜ੍ਹੋ : ਜਲੰਧਰ ਉਪ-ਚੋਣ : ਕੇਜਰੀਵਾਲ 6 ਨੂੰ ਕਰਨਗੇ ਰੋਡ ਸ਼ੋਅ, ਭਗਵੰਤ ਮਾਨ 8 ਤਕ ਕਰਨਗੇ ਧੂੰਆਂਧਾਰ ਪ੍ਰਚਾਰ
ਮੁੱਖ ਮੰਤਰੀ ਨੇ ਕਿਹਾ ਕਿ ਆਰ. ਡੀ. ਐੱਫ. ਦਾ ਮੁੱਦਾ ਪਹਿਲਾਂ ਕੇਂਦਰ ਸਰਕਾਰ ਨੇ ਖੁੱਲ੍ਹਾ ਛੱਡਿਆ ਹੋਇਆ ਸੀ ਪਰ ਹੁਣ ਭਾਰਤ ਸਰਕਾਰ ਨੇ ਆਪਣੇ ਕਾਗਜ਼ਾਤਾਂ ਵਿਚੋਂ ਆਰ. ਡੀ. ਐੱਫ. ਦਾ ਕਾਲਮ ਖਤਮ ਕਰ ਦਿੱਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਆਰ. ਡੀ. ਐੱਫ. ਦਾ ਪੈਸਾ ਪੰਜਾਬ ਨੂੰ ਦੇਣਾ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਰੋਧ ਦੇ ਬਾਵਜੂਦ ਮਾਰਕੀਟ ਫੀਸ 3 ਫ਼ੀਸਦੀ ਤੋਂ ਘਟਾ ਕੇ 2 ਫ਼ੀਸਦੀ ਅਤੇ ਆਰ. ਡੀ. ਐੱਫ. ਨੂੰ ਫਸਲਾਂ ਦੀ ਐੱਮ. ਐੱਸ. ਪੀ. ਦਾ 3 ਫ਼ੀਸਦੀ ਤੋਂ ਘਟਾ ਕੇ ਸਿਫ਼ਰ ਕਰ ਦਿੱਤਾ ਗਿਆ ਹੈ। ਇੰਝ ਮਾਰਕੀਟ ਫੀਸ ਘਟਣ ਨਾਲ ਪੰਜਾਬ ਨੂੰ 250 ਕਰੋੜ ਅਤੇ ਆਰ. ਡੀ. ਐੱਫ. ਖਤਮ ਕਰਨ ਨਾਲ 750 ਕਰੋੜ ਦਾ ਘਾਟਾ ਪਵੇਗਾ। ਇੰਝ ਪੰਜਾਬ ਨੂੰ ਕੁਲ ਘਾਟਾ 1000 ਕਰੋੜ ਰੁਪਏ ਦਾ ਘਾਟਾ ਪੈਣ ਜਾ ਰਿਹਾ ਹੈ ਜਿਸ ਨਾਲ ਕੇਂਦਰ ਸਰਕਾਰ ਪੰਜਾਬ ਦੀ ਅਰਥਵਿਵਸਥਾ ’ਤੇ ਉਲਟ ਅਸਰ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਕਰੇਗੀ।
ਇਹ ਵੀ ਪੜ੍ਹੋ : ਗਿਆਸਪੁਰਾ ਗੈਸ ਲੀਕ ਮਾਮਲਾ : ‘ਸਿਟ’ ਨੇ ਨਗਰ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।