ਲਾੜਾ ਕੱਢਦਾ ਰਿਹਾ ਹਾੜੇ-‘ਡੀ. ਜੇ. ਵਾਲੇ ਬਾਬੂ ਮੇਰੀ ਡੋਲੀ ਘਰ ਪਹੁੰਚਾ ਦੇ’

03/07/2019 1:49:50 PM

ਫਿਲੌਰ, (ਭਾਖੜੀ)-‘ਡੀ. ਜੇ. ਵਾਲੇ ਬਾਬੂ ਮੇਰਾ ਗਾਨਾ ਵਜਾ ਦੇ’ ਇਹ ਗੀਤ ਤਾਂ ਹਰ ਕਿਸੇ ਨੇ ਸੁਣਿਆ ਹੋਵੇਗਾ ਪਰ ‘ਡੀ. ਜੇ. ਵਾਲੇ ਬਾਬੂ ਮੇਰੀ ਡੋਲੀ ਘਰ ਪਹੁੰਚਾ ਦੇ’ ਅਜਿਹਾ ਲਾੜੇ ਨੂੰ ਕਹਿੰਦਾ ਨਾ ਕਿਸੇ ਨੇ ਦੇਖਿਆ ਅਤੇ ਨਾ ਸੁਣਿਆ ਹੋਵੇਗਾ। ਹੋਇਆ ਇੰਝ, ਬੀਤੇ ਦਿਨ ਨਜ਼ੀਦੀਕੀ ਪਿੰਡ ਦੇ ਰਹਿਣ ਵਾਲੇ ਲੜਕੀ ਪਰਿਵਾਰ ਦੇ ਲੋਕਾਂ ਨੇ ਸਥਾਨਕ ਸ਼ਹਿਰ ਦੀ ਧਰਮਸ਼ਾਲਾ ਵਿਚ ਵਿਆਹ ਸਮਾਗਮ ਦਾ ਪ੍ਰੋਗਰਾਮ ਰੱਖਿਆ ਸੀ, ਜਿੱਥੇ ਲਾੜਾ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਜਲਾਲਾਬਾਦ ਤੋਂ ਇਥੇ ਵਿਆਹ ਕਰਵਾਉਣ ਆਇਆ ਸੀ। ਵਿਆਹ ਤੋਂ ਪਹਿਲਾਂ ਲੜਕੀ ਧਿਰ ਦੇ ਲੋਕਾਂ ਨੇ ਲੜਕੇ ਵਾਲਿਆਂ ਨੂੰ ਕਿਹਾ ਕਿ ਉਹ ਇੰਨੀ ਦੂਰੋਂ ਡੀ. ਜੇ. ਵਾਲੇ ਨੂੰ ਆਪਣੇ ਨਾਲ ਨਾ ਲਿਆਉਣ, ਉਹ ਸਥਾਨਕ ਸ਼ਹਿਰ ਦਾ ਡੀ. ਜੇ. ਬੁੱਕ ਕਰਵਾ ਲੈਣ, ਜਿਸ ’ਤੇ ਉਨ੍ਹਾਂ ਨੇ ਸਹਿਮਤੀ ਜਤਾ ਦਿੱਤੀ ਤਾਂ ਲੜਕੀ ਧਿਰ ਦੇ ਲੋਕਾਂ ਨੇ ਵਿਆਹ ਵਿਚ ਡੀ. ਜੇ. ਅਤੇ ਆਰਕੈਸਟਰਾ 25 ਹਜ਼ਾਰ ਰੁਪਏ ਵਿਚ ਇਥੋਂ ਬੁੱਕ ਕਰ ਲਿਆ। ਦੋਵਾਂ ਪਰਿਵਾਰਾਂ ਦੇ ਲੋਕ ਵਿਆਹ ਵਿਚ ਡੀ. ਜੇ. ਦੀਆਂ ਧੁਨਾਂ ’ਤੇ ਖੂਬ ਨੱਚੇ। ਲਾਵਾਂ-ਫੇਰੇ ਹੋਣ ਤੋਂ ਬਾਅਦ ਸ਼ਾਮ ਨੂੰ ਜਿਵੇਂ ਹੀ ਡੋਲੀ ਜਲਾਲਾਬਾਦ ਜਾਣ ਲਈ ਰਵਾਨਾ ਹੋਣ ਲੱਗੀ ਤਾਂ ਡੀ. ਜੇ. ਵਾਲੇ ਨੇ ਆਪਣੇ ਰੁਪਏ ਮੰਗ ਲਏ। 
ਲੜਕੀ ਧਿਰ ਦੇ ਲੋਕਾਂ ਨੇ ਲੜਕੇ ਪਰਿਵਾਰ ਤੋਂ ਡੀ. ਜੇ. ਵਾਲੇ ਬਾਬੂ ਨੂੰ ਰੁਪਏ ਦੇਣ ਲਈ ਜਿਵੇਂ ਹੀ ਕਿਹਾ ਤਾਂ ਲੜਕੇ ਪਰਿਵਾਰ ਦੇ ਲੋਕਾਂ ਨੇ ਡੀ. ਜੇ. ਵਾਲੇ ਦੇ ਰੁਪਏ ਦੇਣ ਤੋਂ ਸਪੱਸ਼ਟ ਮਨ੍ਹਾ ਕਰ ਦਿੱਤਾ, ਜਿਸ ’ਤੇ ਝਗੜਾ ਇੰਨਾ ਵਧ ਗਿਆ ਕਿ ਲੜਕੀ ਵਾਲਿਆਂ ਨੇ ਵੀ ਸਾਫ ਬੋਲ ਦਿੱਤਾ ਕਿ ਜਦੋਂ ਤੱਕ ਲੜਕੇ ਪਰਿਵਾਰ ਦੇ ਲੋਕ ਡੀ. ਜੇ. ਵਾਲੇ ਨੂੰ ਰੁਪਏ ਨਹੀਂ ਦੇਣਗੇ, ਉਹ ਉਦੋਂ ਤੱਕ ਡੋਲੀ ਇਥੋਂ ਜਾਣ ਨਹੀਂ ਦੇਣਗੇ। ਲਾੜਾ ਲਾੜੀ ਨੂੰ ਆਪਣੇ ਘਰ ਲਿਜਾਣ ਲਈ ਪੰਜ ਘੰਟੇ ਤੱਕ ਸਿਹਰਾ ਬੰਨ੍ਹੀ ਮੰਡਪ ਵਿਚ ਬੈਠਾ ਰਿਹਾ। ਆਖਰ ਵਿਚ ਕੁਝ ਲੋਕਾਂ ਨੇ ਕੇਸ ਪੁਲਸ ਦੇ ਕੋਲ ਪਹੁੰਚਾਉਣ ਦੀ ਗੱਲ ਕਹੀ, ਜਿਸ ’ਤੇ ਕੁਝ ਲੋਕਾਂ ਨੇ ਵਿਚ ਪੈ ਕੇ ਮਾਮਲਾ ਸੁਲਝਾ ਦਿੱਤਾ ਅਤੇ ਲੜਕੇ ਵਾਲਿਆਂ ਨੇ ਡੀ. ਜੇ. ਵਾਲੇ ਨੂੰ ਕਿਹਾ ਕਿ ਉਹ ਰੁਪਏ ਆਪਣੇ ਕੋਲੋਂ ਦੇ ਦੇਣਗੇ ਪਰ ਹੁਣ ਨਹੀਂ, ਜਦੋਂ ਡੋਲੀ ਉਨ੍ਹਾਂ ਦੇ ਘਰ ਪਹੁੰਚ ਜਾਵੇਗੀ, ਉਸ ਤੋਂ ਬਾਅਦ ਰੁਪਏ ਭੇਜ ਦੇਣਗੇ, ਜਿਸ ਤੋਂ ਬਾਅਦ ਜਾ ਕੇ ਡੋਲੀ ਤਾਂ ਰਵਾਨਾ ਹੋ ਗਈ ਪਰ ਡੀ. ਜੇ. ਵਾਲੇ ਨੂੰ ਡੋਲੀ ਪਹੁੰਚਣ ਤੋਂ ਬਾਅਦ ਵੀ ਰੁਪਏ ਹੁਣ ਤੱਕ ਨਹੀਂ ਮਿਲੇ, ਜੋ ਰੁਪਏ ਲੈਣ ਲਈ ਅੱਜ ਵੀ ਲੜਕੀ ਵਾਲਿਆਂ ਦੇ ਘਰ ਦੇ ਚੱਕਰ ਕੱਟ ਰਿਹਾ ਹੈ।


Arun chopra

Content Editor

Related News