ਦੀਵਾਲੀ ਦੀ ਰਾਤ ਅੰਮ੍ਰਿਤਸਰ ''ਚ 13 ਥਾਈਂ ਲੱਗੀ ਅੱਗ
Monday, Oct 28, 2019 - 10:28 PM (IST)
ਅੰਮ੍ਰਿਤਸਰ,(ਵਡ਼ੈਚ)- ਐਤਵਾਰ ਦੀ ਰਾਤ ਨੂੰ ਸ਼ਹਿਰ ਵਾਸੀ ਜਦੋਂ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉਸ ਸਮੇਂ ਵੱਖ-ਵੱਖ ਇਲਾਕਿਆਂ ’ਚ ਲੱਗੀ ਅੱਗ ਨੇ ਲੋਕਾਂ ਲਈ ਮੁਸ਼ਕਲਾਂ ਵੀ ਖਡ਼੍ਹੀਆਂ ਕਰ ਦਿੱਤੀਆਂ। ਦੀਵਾਲੀ ਦੀ ਰਾਤ ਨੂੰ ਪਟਾਕਿਆਂ ਜਾਂ ਹੋਰ ਕਾਰਣਾਂ ਕਰ ਕੇ 13 ਸਥਾਨਾਂ ’ਤੇ ਲੱਗੀ ਅੱਗ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਨਗਰ ਨਿਗਮ ਫਾਇਰ ਬ੍ਰਿਗੇਡ ਅਤੇ ਸੇਵਾ ਸੰਮਤੀ ਦੇ ਕਰਮਚਾਰੀਆਂ ਦੀ ਮਿਹਨਤ ਨਾਲ ਜਿਥੇ ਅੱਗ ’ਤੇ ਕਾਬੂ ਪਾਇਆ ਗਿਆ, ਉਥੇ ਕੀਮਤੀ ਜਾਨਾਂ ਨੂੰ ਵੀ ਸੁਰੱਖਿਅਤ ਕੀਤਾ ਗਿਆ।
ਖਤਰਨਾਕ ਅਗਨੀਕਾਂਡ ਗੋਪਾਲ ਮੰਦਿਰ ਦੇ ਕਰੀਬ ਕਸ਼ਮੀਰ ਐਵੀਨਿਊ ਵਿਖੇ ਵਾਪਰਿਆ। ਬੂਟਾਂ-ਚੱਪਲਾਂ ਦੀ 3 ਮੰਜ਼ਿਲਾਂ ਦੁਕਾਨ ’ਚ ਲੱਗੀ ਭਿਆਨਕ ਅੱਗ ’ਤੇ ਕਰੀਬ 3 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ 30 ਫਾਇਰ ਬ੍ਰਿਗੇਡ ਦੀਆਂ ਪਾਣੀ ਦੀਆਂ ਗੱਡੀਆਂ ਨਾਲ ਅੱਗ ’ਤੇ ਕਾਬੂ ਪਾਇਆ ਗਿਆ।
ਅੱਗ ਦੀਆਂ ਹੋਰਨਾਂ ਘਟਨਾਵਾਂ ਦੌਰਾਨ ਰਣਜੀਤ ਐਵੀਨਿਊ ਵਿਖੇ ਖਾਲੀ ਪਲਾਟ ’ਚ, ਤੇਜ਼ ਨਗਰ, ਸੁਲਤਾਨਵਿੰਡ ਰੋਡ ਵਿਖੇ ਘਰ ’ਚ, ਨੀਲ ਵਾਲਾ ਕਾਰਖਾਨਾ ਬਸੰਤ ਐਵੀਨਿਊ ਵਿਖੇ ਖਾਲੀ ਪਲਾਟ ਵਿਚ, ਭਗਤਾਂਵਾਲਾ ਚੌਕ, ਢੀਂਗਰਾ ਕਾਲੋਨੀ, ਰਾਮ ਤੀਰਥ ਰੋਡ ਵਿਖੇ ਕਬਾਡ਼ ਦੀ ਦੁਕਾਨ ਵਿਚ, ਗਰੀਨ ਐਵੀਨਿਊ ਨਜ਼ਦੀਕ ਅਜੀਤ ਹਸਪਤਾਲ ਵਿਖੇ, ਲਾਹੌਰੀ ਗੇਟ ਵਿਖੇ ਧੂਫ ਦੀ ਦੁਕਾਨ ’ਚ, ਏਅਰਪੋਰਟ ਰੋਡ ਰੈਡੀਸਨ ਹੋਟਲ ਕਰੀਬ ਖਾਲੀ ਜਗ੍ਹਾ ’ਤੇ, ਆਰ. ਬੀ. ਅਸਟੇਟ, ਲੋਹਾਰਕਾ ਰੋਡ ਕਰੀਬ, ਢਾਬ ਖਟੀਕਾ ਵਿਖੇ, ਕਟਡ਼ਾ ਮੋਤੀ ਰਾਮ ਕਰੀਬ, ਕੰਪਨੀ ਬਾਗ ਦੇ ਕਰੀਬ ਕਣਕ ਦੀ ਦੁਕਾਨ ’ਚ ਲੱਗੀ ਅੱਗ ’ਤੇ ਕਾਬੂ ਪਾਇਆ ਗਿਆ।
ਨਗਰ ਨਿਗਮ ਫਾਇਰ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਕੋਮਲ ਮਿੱਤਲ ਦੇ ਆਦੇਸ਼ਾਂ ਮੁਤਾਬਕ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੁਸਤੈਦ ਕਰ ਦਿੱਤਾ ਗਿਆ ਸੀ। ਨਿਗਮ ਦੇ 4 ਸਟੇਸ਼ਨਾਂ ’ਤੇ 10 ਅਤੇ ਸੇਵਾ ਸੰਮਤੀ ਦੀਆਂ 2 ਗੱਡੀਆਂ ਨੂੰ ਤਿਆਰ ਬਰ ਤਿਆਰ ਕਰ ਦਿੱਤਾ ਗਿਆ ਸੀ, ਜਦੋਂ ਵੀ ਅੱਗ ਦੀ ਘਟਨਾ ਸਬੰਧੀ ਜਾਣਕਾਰੀ ਮਿਲਦੀ ਤਾਂ ਕਰਮਚਾਰੀਆਂ ਨੇ ਮਿਹਨਤ ਨਾਲ ਡਿਊਟੀ ਅਦਾ ਕਰਦਿਆਂ ਅੱਗ ’ਤੇ ਕਾਬੂ ਪਾਇਆ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਅੱਗ ਦੀਆਂ 13 ਘਟਨਾਵਾਂ ਤੋਂ ਬਾਅਦ ਸੋਮਵਾਰ ਦਿਨ ਦੇ ਸਮੇਂ ਵੀ ਪਿੰਡ ਕਾਲੇ, ਪਿੰਡ ਮੂਧਲ, ਪਿੰਡ ਬੱਲ ਕਲਾਂ ਵਿਖੇ ਵੀ ਲੱਗੀ ਅੱਗ ’ਤੇ ਪਾਣੀ ਦੀਆਂ ਵਾਛਡ਼ਾਂ ਕਰਦਿਆਂ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ।