ਕਾਂਗਰਸ ਸਰਕਾਰ ਨੇ ਨਵੇਂ ਟੈਕਸ ਲਾ ਕੇ ਸ਼ਹਿਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ : ਅਕਾਲੀ ਦਲ

10/18/2017 7:23:34 AM

ਚੰਡੀਗੜ੍ਹ  (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿਸਾਨ-ਵਿਰੋਧੀ ਚਿਹਰਾ ਵਿਖਾਉਣ ਤੋਂ ਬਾਅਦ ਹੁਣ ਸ਼ਹਿਰਾਂ ਅਤੇ ਕਸਬਿਆਂ ਅੰਦਰ ਟੈਕਸਾਂ ਵਿਚ ਵਾਧਾ ਕਰਕੇ ਅਤੇ ਨਵੇਂ ਮਿਊਂਸੀਪਲ ਟੈਕਸ ਲਾ ਕੇ ਕਾਂਗਰਸ ਸਰਕਾਰ ਨੇ ਆਪਣਾ ਸ਼ਹਿਰ-ਵਿਰੋਧੀ ਚਿਹਰਾ ਵੀ ਸਾਰਿਆਂ ਨੂੰ ਵਿਖਾ ਦਿੱਤਾ ਹੈ। ਇਥੇ ਇਕ ਪ੍ਰੈੱਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਬੁਲਾਰੇ ਐੱਨ. ਕੇ. ਸ਼ਰਮਾ ਨੇ ਸ਼ਹਿਰੀਆਂ ਉਤੇ ਲਾਏ ਨਵੇਂ ਟੈਕਸਾਂ ਨੂੰ 'ਦੀਵਾਲੀ' ਦਾ ਤੋਹਫਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਆਮ ਆਦਮੀ ਨੂੰ ਸੱਟ ਵੱਜੇਗੀ ਅਤੇ ਉਸ ਦੀ ਆਰਥਿਕਤਾ ਉਤੇ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਨਾ ਸਿਰਫ ਨਗਰ ਕੌਂਸਲਾਂ ਦੀ ਹੱਦਬੰਦੀ ਅੰਦਰ ਰਹਿੰਦੇ ਆਮ ਲੋਕਾਂ ਉਤੇ ਬਿਜਲੀ ਬਿੱਲਾਂ ਦਾ 2 ਫੀਸਦੀ ਟੈਕਸ ਲਾ ਕੇ ਨਵਾਂ ਬੋਝ ਪਾ ਦਿੱਤਾ ਗਿਆ ਹੈ, ਸਗੋਂ ਬਾਹਰੀ ਵਿਕਾਸ ਕਰ, ਸੜਕ ਕੱਢਣ ਦੇ ਟੈਕਸ ਸਮੇਤ ਨਗਰ ਕੌਂਸਲਾਂ ਦੁਆਰਾ ਦਿੱਤੀਆਂ ਜਾ ਰਹੀਆਂ ਬਾਕੀ ਸਹੂਲਤਾਂ ਉਤੇ ਵੀ ਟੈਕਸਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ।
ਨਵੇਂ ਟੈਕਸਾਂ ਦੀ ਜੜ੍ਹ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਦੇ ਵਿਕਾਸ ਮਾਡਲ ਉਤੇ ਸੁਆਲ ਉਠਾਉਂਦਿਆਂ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸਿੱਧੂ ਲੋਕਾਂ ਨੂੰ ਦੱਸੇ ਕਿ ਪਿਛਲੇ 7 ਮਹੀਨਿਆਂ ਵਿਚ ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ ਲਈ ਉਹ ਇਕ ਵੀ ਪ੍ਰਾਜੈਕਟ ਕਿਉਂ ਨਹੀਂ ਲੈ ਕੇ ਆਇਆ? ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮੰਤਰੀ ਵਜੋਂ ਆਪਣੇ ਫਰਜ਼ ਨਿਭਾਉਣ ਵਿਚ ਨਾਕਾਮ ਹੁੰਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਗੁੱਸਾ ਆਮ ਲੋਕਾਂ ਉਤੇ ਵਾਧੂ ਟੈਕਸ ਲਾ ਕੇ ਕੱਢੋ। ਜੇਕਰ ਤੁਸੀਂ ਕਾਰਗੁਜ਼ਾਰੀ ਨਹੀਂ ਵਿਖਾ ਸਕਦੇ ਤਾਂ ਇਹ ਅਹੁਦਾ ਛੱਡ ਕੇ ਦੁਬਾਰਾ ਕਾਮੇਡੀ ਸ਼ੋਅ ਕਰਨਾ ਸ਼ੁਰੂ ਕਰ ਦਿਓ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਨੂੰ ਸਮਝਣਾ ਵੀ ਤੁਹਾਡੇ ਲਈ ਮੁਸ਼ਕਲ ਹੈ।
ਸ਼ਰਮਾ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਆਖਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਬਜਟ ਪੇਸ਼ ਕਰਦੇ ਸਮੇਂ ਉਨ੍ਹਾਂ ਸ਼ਹਿਰ-ਵਿਰੋਧੀ ਪ੍ਰਸਤਾਵਾਂ ਨੁੰ ਲੁਕੋ ਕੇ ਕਿਉਂ ਰੱਖਿਆ ਸੀ? ਉਨ੍ਹਾਂ ਕਿਹਾ ਕਿ ਤੁਸੀਂ ਸੁਰਖੀਆਂ ਬਟੋਰਨ ਲਈ ਇਕ ਕਰ ਮੁਕਤ ਬਜਟ ਪੇਸ਼ ਕੀਤਾ ਸੀ ਪਰ ਹੁਣ ਤੁਸੀਂ ਬਿਨਾਂ ਰੁਕੇ ਲੋਕਾਂ ਉਤੇ ਟੈਕਸ ਲਾ ਰਹੇ ਹੋ ਤੇ ਸ਼ਹਿਰੀ ਲੋਕਾਂ ਦੇ ਵਿਸ਼ਵਾਸ ਨੂੰ ਤੋੜ ਰਹੇ ਹੋ। ਇਸ ਵਿਸ਼ਵਾਸਘਾਤ ਲਈ ਤੁਹਾਡੀ ਜੁਆਬਦੇਹੀ ਹੋਵੇਗੀ।


Related News