ਹੁਣ ਦਿੱਲੀ ਤੋਂ ਵੀ ਵੱਧ ਜ਼ਹਿਰੀਲੀ ਹੋਈ ਜਲੰਧਰ ਦੀ ਹਵਾ
Tuesday, Oct 29, 2019 - 06:40 PM (IST)
ਜਲੰਧਰ/ਅੰਮ੍ਰਿਤਸਰ (ਸੋਮਨਾਥ, ਨੀਰਜ)— ਦੀਵਾਲੀ ਦੀ ਰਾਤ ਕਰੋੜਾਂ ਰੁਪਏ ਦੇ ਚਲੇ ਪਟਾਕਿਆਂ ਅਤੇ ਪਰਾਲੀ ਦੀ ਅੱਗ ਕਾਰਨ ਪੰਜਾਬ 'ਚ ਸਾਹ ਲੈਣਾ ਮੁਸ਼ਕਿਲ ਹੋਣ ਲੱਗਾ ਹੈ। ਇਕ ਪਾਸੇ ਜਿੱਥੇ ਪ੍ਰਸ਼ਾਸਨ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਦੇਰ ਰਾਤ ਤੱਕ ਪਟਾਕੇ ਚਲਦੇ ਰਹੇ, ਉਥੇ ਹੀ ਪੰਜਾਬ ਦੀ ਸਖਤੀ ਵੀ ਪਰਾਲੀ ਨੂੰ ਸਾੜਨ ਦੇ ਮਾਮਲੇ 'ਚ ਕੋਈ ਕਮੀ ਪੂਰੀ ਨਹੀਂ ਕਰ ਪਾਈ ਹੈ। ਪਟਾਕੇ ਅਤੇ ਧੂੰਏਂ ਕਾਰਨ ਸੋਮਵਾਰ ਨੂੰ ਜਲੰਧਰ 'ਚ ਪ੍ਰਦੂਸ਼ਣ ਦਾ ਪੱਧਰ ਦਿੱਲੀ ਦੇ ਮੁਕਾਬਲੇ ਜ਼ਿਆਦਾ ਦਰਜ ਕੀਤਾ ਗਿਆ। ਜਿੱਥੇ ਦਿੱਲੀ 'ਚ ਏਅਰ ਪਾਲਿਊਸ਼ਨ ਇੰਡੈਕਸ (ਏ. ਕਿਊ. ਆਈ) 368 ਦਰਜ ਕੀਤਾ ਗਿਆ, ਉਥੇ ਹੀ ਜਲੰਧਰ 'ਚ ਇਹ ਪੱਧਰ 11 ਪੁਆਇੰਟ ਵੱਧ ਕੇ 377 ਤੱਕ ਜਾ ਪਹੁੰਚਿਆ ਜਦਕਿ ਅੰਮ੍ਰਿਤਸਰ 'ਚ ਏਅਰ ਪਾਲਿਊਸ਼ਨ ਇੰਡੈਕਸ 337 ਦਰਜ ਕੀਤਾ ਗਿਆ।
ਅੰਮ੍ਰਿਤਸਰ 'ਚ ਕੁਝ ਘੱਟ ਆਬਾਦੀ ਵਾਲੇ ਇਲਾਕਿਆਂ 'ਚ ਏ. ਕਿਊ. ਆਈ. 300 ਅਤੇ 325 ਦੇ ਵਿੱਚ ਰਿਹਾ ਪਰ ਸ਼ਹਿਰੀ ਆਬਾਦੀ 'ਚ ਹਵਾ ਬਿਲਕੁਲ ਜ਼ਹਿਰੀਲੀ ਰਹੀ। ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਗ੍ਰੀਨ ਦੀਵਾਲੀ ਦੇ ਸੰਦੇਸ਼ ਨੂੰ ਜ਼ਿਆਦਾਤਰ ਲੋਕਾਂ ਨੇ ਨਕਾਰ ਦਿੱਤਾ। ਹਾਲਾਂਕਿ ਪਿਛਲੇ ਸਾਲ ਦੀ ਤੁਲਨਾ 'ਚ ਪਟਾਕੇ ਘੱਟ ਚੱਲੇ, ਇਸ ਦਾ ਕਾਰਨ ਪਟਾਕਿਆਂ ਦੀ ਵਿਕਰੀ ਲਈ ਸਿਰਫ 10 ਖੋਖੋ ਲਗਾਉਣਾ ਸੀ। ਪਟਾਕਿਆਂ ਦੇ ਖੋਖਿਆਂ ਨੂੰ ਪੁਲਸ ਵੱਲੋਂ ਸ਼ਾਮ 7.30 ਵਜੇ ਬੰਦ ਕਰਵਾਇਆ ਜਾਂਦਾ ਰਿਹਾ। ਦੱਸ ਦੇਈਏ ਕਿ ਮਨੁੱਖ ਅਤੇ ਪਸ਼ੂ-ਪੰਛੀਆਂ ਲਈ 0 ਤੋਂ 50 ਤੱਕ ਏ. ਕਿਊ. ਆਈ. ਵਧੀਆ ਮੰਨਿਆ ਜਾਂਦਾ ਹੈ ਜਦਕਿ 350 ਤੋਂ 400 ਦਾ ਏ. ਕਿਊ. ਆਈ. ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ।
ਹਾਈਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ
ਹਾਈਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਰਾਤ 8 ਤੋਂ ਲੈ ਕੇ 10 ਵਜੇ ਤੱਕ ਹੀ ਪਟਾਕੇ ਚਲਾਏ ਜਾਣ ਪਰ ਕਿਸੇ ਨੇ ਵੀ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਦੇਰ ਰਾਤ ਤੱਕ ਲੋਕ ਪਟਾਕੇ ਚਲਾਉਂਦੇ ਰਹੇ। ਇਥੋਂ ਤੱਕ ਕਿ ਪੁਲਸ ਨੇ ਵੀ ਅਜੇ ਤੱਕ ਪਟਾਕੇ ਚਲਾਉਣ ਵਾਲਿਆਂ ਖਿਲਾਫ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਹੈ।
ਖਰਚਾ ਵੀ ਪੂਰਾ ਨਹੀਂ ਕਰ ਸਕੇ ਪਟਾਕਾ ਵਪਾਰੀ
ਪਟਾਕਿਆਂ ਦੀ ਵਿਕਰੀ ਦੇ ਮਾਮਲੇ 'ਚ ਸਿਰਫ 3 ਦਿਨਾਂ ਲਈ ਪਟਾਕਾ ਮਾਰਕੀਟ ਦੇ ਲਾਇਸੈਂਸ ਜਾਰੀ ਹੋਣ ਕਾਰਨ ਪਟਾਕਾ ਵਪਾਰੀਆਂ ਨੂੰ ਵੀ ਮੁਨਾਫਾ ਨਹੀਂ ਹੋਇਆ ਹੈ। ਜ਼ਿਆਦਾਤਰ ਪਟਾਕਾ ਵਪਾਰੀ ਆਪਣੇ ਖਰਚੇ ਵੀ ਪੂਰੇ ਨਹੀਂ ਕਰ ਸਕੇ ਅਤੇ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆਏ।