ਪਤਨੀ ਨੂੰ ਫ਼ੋਨ ’ਤੇ ਦਿੱਤਾ ਤਿੰਨ ਤਲਾਕ, ਪੀੜਤਾ ਨੇ ਲਾਏ ਵੱਡੇ ਇਲਜ਼ਾਮ
Sunday, Feb 19, 2023 - 12:05 AM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਮਨੀਮਾਜਰਾ ’ਚ ਰਹਿਣ ਵਾਲੀ ਆਪਣੀ ਪਤਨੀ ਨੂੰ ਬਾਪੂਧਾਮ ਨਿਵਾਸੀ ਵਿਅਕਤੀ ਨੇ ਫ਼ੋਨ ’ਤੇ ਤਿੰਨ ਤਲਾਕ ਦੇ ਦਿੱਤਾ। ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਸੈਕਟਰ-9 ਥਾਣਾ ਮੁਖੀ ਨੂੰ ਦਿੱਤੀ ਹੈ। ਮਾਮਲੇ ਦੀ ਜਾਂਚ ਜਲਦ ਹੀ ਸੈਕਟਰ-26 ਥਾਣੇ ਦੇ ਹਵਾਲੇ ਕਰ ਦਿੱਤੀ ਜਾਵੇਗੀ। ਸ਼ਿਕਾਇਤਕਰਤਾ ਨੇ ਕੋਵਿਡ ਕਾਰਨ ਆਪਣੇ ਪਤੀ ਦੀ ਮੌਤ ਤੋਂ ਬਾਅਦ 27 ਨਵੰਬਰ 2022 ਨੂੰ ਬਾਪੂਧਾਮ ਵਾਸੀ ਨੌਜਵਾਨ ਨਾਲ ਵਿਆਹ ਕਰਵਾਇਆ ਸੀ। ਔਰਤ ਨੇ ਦੋਸ਼ ਲਾਇਆ ਕਿ ਬਾਪੂਧਾਮ ਨਿਵਾਸੀ ਨੇ ਉਸ ਨਾਲ ਧੋਖੇ ਨਾਲ ਵਿਆਹ ਕਰਵਾਇਆ ਹੈ।
ਇਹ ਖ਼ਬਰ ਵੀ ਪੜ੍ਹੋ : PSTET ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਹੋਵੇਗਾ ਟੈਸਟ
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਅਗਸਤ 2017 ਵਿਚ ਇਸ ਤਰ੍ਹਾਂ ਦੇ ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਪਾਬੰਦੀ ਲਾ ਦਿੱਤੀ ਸੀ। ਮਨੀਮਾਜਰਾ ਦੀ ਰਹਿਣ ਵਾਲੀ ਔਰਤ ਨੇ ਵੀ ਆਪਣੇ ਪਤੀ ’ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਦੇ ਦੋਸ਼ ਲਾਏ ਹਨ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਹੈ ਕਿ 27 ਨਵੰਬਰ 2022 ਨੂੰ ਉਸ ਨੇ ਸੈਕਟਰ-26 ਦੇ ਰਹਿਣ ਵਾਲੇ ਮੁਲਜ਼ਮ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਪੀੜਤਾ ਦੇ ਪਹਿਲੇ ਵਿਆਹ ਤੋਂ 3 ਬੱਚੇ ਹਨ। ਕੋਵਿਡ ਵਿਚ ਪਹਿਲੇ ਪਤੀ ਦੀ ਮੌਤ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਸਿੱਖ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਦਾ ਤੋਹਫ਼ਾ, ਪੜ੍ਹੋ Top 10
ਪੀੜਤਾ ਨੇ ਦੱਸਿਆ ਕਿ ਦੂਜੇ ਪਤੀ ਦੇ ਪਹਿਲੀ ਪਤਨੀ ਤੋਂ 2 ਬੱਚੇ ਹਨ। ਮੁਲਜ਼ਮ ਨੇ ਕਿਹਾ ਸੀ ਕਿ ਉਹ ਉਸ ਦੇ ਤਿੰਨ ਬੱਚਿਆਂ ਦੀ ਦੇਖਭਾਲ ਕਰੇਗਾ। ਪੀੜਤਾ ਅਨੁਸਾਰ ਮੁਲਜ਼ਮ ਦੇ ਪਰਿਵਾਰਕ ਮੈਂਬਰ ਉਸ ਦੀ ਮਾਂ ਦੇ ਘਰ ਜਾ ਕੇ ਉਸ ਨਾਲ ਗਾਲੀ-ਗਲੋਚ ਕਰਦੇ ਸਨ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਨੇ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਉਸ ਨਾਲ ਵਿਆਹ ਕੀਤਾ ਅਤੇ ਫਿਰ ਉਸ ਨੂੰ ਛੱਡ ਦਿੱਤਾ।
ਪਰਿਵਾਰ ਨੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ
ਜਦੋਂ ਮੁਲਜ਼ਮ ਵਿਆਹ ਤੋਂ ਬਾਅਦ ਘਰ ਗਿਆ ਤਾਂ ਉਸ ਦੀ ਮਾਂ ਅਤੇ ਭਰਾਵਾਂ ਨੇ ਪੀੜਤਾ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਪਤੀ ਨੇ ਪੀੜਤਾ ਨੂੰ ਮਨੀਮਾਜਰਾ ’ਚ ਰਹਿਣ ਲਈ ਕਮਰਾ ਦਿਵਾ ਦਿੱਤਾ। ਇੱਥੇ ਮੁਲਜ਼ਮ ਉਸ ਨੂੰ ਮਿਲਣ ਆਉਂਦਾ ਸੀ। 16 ਫਰਵਰੀ ਨੂੰ ਮੁਲਜ਼ਮ ਨੇ ਆਪਣੇ ਪਰਿਵਾਰ ਦੇ ਦਬਾਅ ਹੇਠ ਪੀੜਤਾ ਨੂੰ ਫੋਨ ’ਤੇ ਤਲਾਕ ਦੇ ਦਿੱਤਾ।