ਜ਼ਿਲਾ ਸਵਾਈਨ ਫਲੂ ਦੀ ਲਪੇਟ ''ਚ!
Tuesday, Aug 22, 2017 - 06:11 AM (IST)

ਪਟਿਆਲਾ, (ਜੋਸਨ)- ਜ਼ਿਲਾ ਪਟਿਆਲਾ ਸਵਾਈਨ ਫਲੂ ਦੀ ਲਪੇਟ ਵਿਚ ਹੈ। ਭਿਆਨਕ ਬੀਮਾਰੀ ਸਵਾਈਨ ਫਲੂ ਦੇ ਰਾਜਿੰਦਰਾ ਹਸਪਤਾਲ ਵਿਚ ਹੁਣ ਤੱਕ 20 ਸ਼ੱਕੀ ਮਰੀਜ਼ ਦਾਖਲ ਹੋ ਚੁੱਕੇ ਹਨ। ਉਨ੍ਹਾਂ ਵਿਚੋਂ 6 ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ 'ਚੋਂ 2 ਦੀ ਮੌਤ ਹੋ ਚੁੱਕੀ ਹੈ। ਉਧਰ ਬਣਾਏ ਸਪੈਸ਼ਲ ਵਾਰਡ ਵਿਚ ਕਈ ਖਾਮੀਆਂ ਨਜ਼ਰ ਆ ਰਹੀਆਂ ਹਨ।
ਸਿਹਤ ਵਿਭਾਗ ਦਾ ਦਾਅਵਾ ਹੈ ਕਿ ਇਹ ਸਾਰਾ ਕੁਝ ਉਨ੍ਹਾਂ ਦੇ ਧਿਆਨ ਵਿਚ ਹੈ। ਮਰੀਜ਼ਾਂ ਦੀ ਪੂਰੀ ਤਰ੍ਹਾਂ ਦੇਖ-ਰੇਖ ਕੀਤੀ ਜਾ ਰਹੀ ਹੈ। ਮਰੀਜ਼ਾਂ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਦੇ ਸਵਾਈਨ ਫਲੂ ਦਾ ਵਾਰਡ ਵਿਚ ਕੋਈ ਖਾਸ ਪ੍ਰਬੰਧ ਨਹੀਂ ਹੈ। ਇਸ ਵਾਰਡ ਵਿਚ ਵੇਖਿਆ ਗਿਆ ਕਿ ਸਫਾਈ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦਾ ਵੀ ਖਾਸ ਪ੍ਰਬੰਧ ਨਹੀਂ ਸੀ। ਇਹ ਵੀ ਪਤਾ ਲੱਗਾ ਹੈ ਕਿ ਮਹਿਲਾ ਮਰੀਜ਼ਾਂ ਦੇ ਬਾਥਰੂਮ ਨੂੰ ਵੀ ਜਿੰਦਰਾ ਮਾਰ ਕੇ ਰੱਖਿਆ ਹੋਇਆ ਹੈ।
ਮਰੀਜ਼ਾਂ ਦੇ ਵਾਰਿਸਾਂ ਹਰਜੀਤ ਸਿੰਘ, ਜੀਤ ਕੌਰ ਅਤੇ ਗੋਗੀ ਨੇ ਦੱਸਿਆ ਕਿ ਅਸੀਂ ਜਦੋਂ ਵੀ ਆਪਣੇ ਮਰੀਜ਼ਾਂ ਦੇ ਟੈਸਟ ਵਗੈਰਾ ਕਰਵਾਉਂਦੇ ਹਾਂ, ਨਾ ਤਾਂ ਰਿਪੋਰਟਾਂ ਸਮੇਂ ਸਿਰ ਮਿਲਦੀਆਂ ਹਨ ਅਤੇ ਨਾ ਹੀ ਟੈਸਟ ਹੁੰਦੇ ਹਨ। ਇਸ ਕਰ ਕੇ ਇਲਾਜ ਵਿਚ ਦੇਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਬੰਧਿਤ ਡਾਕਟਰਾਂ ਨੂੰ ਕਈ ਵਾਰ ਕਿਹਾ ਹੈ। ਫਿਰ ਵੀ ਪ੍ਰੇਸ਼ਾਨੀਆਂ ਜਾਰੀ ਹਨ। ਉਧਰ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ 20 ਮਰੀਜ਼ ਆਏ ਸਨ, ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ। 6 ਮਰੀਜ਼ਾਂ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋ ਗਈ ਸੀ। ਇਨ੍ਹਾਂ ਨੂੰ ਵੱਖ-ਵੱਖ ਵਾਰਡਾਂ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਵੈਂਟੀਲੇਟਰ ਦੀ ਸੁਵਿਧਾ ਹੈ।