ਨਵੇਂ ਜ਼ਿਲਾ ਪ੍ਰਧਾਨਾਂ ਨੂੰ ਲੈ ਕੇ ਪੰਜਾਬ ਭਰ ''ਚ ਉੱਠਣ ਲੱਗੀਆਂ ਆਵਾਜ਼ਾਂ

01/12/2019 10:31:30 AM

ਜਲੰਧਰ (ਰਵਿੰਦਰ)— ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਭੇਜੇ ਜ਼ਿਲਾ ਪ੍ਰਧਾਨਾਂ ਦੇ ਨਾਵਾਂ ਦੀ ਲਿਸਟ 'ਤੇ ਭਾਵੇਂ ਪਾਰਟੀ ਹਾਈਕਮਾਨ ਨੇ ਮੋਹਰ ਲਗਾ ਦਿੱਤੀ ਹੈ ਪਰ ਨਵ-ਨਿਯੁਕਤ ਪ੍ਰਧਾਨਾਂ ਦੇ ਨਾਂ ਦਾ ਐਲਾਨ ਹੁੰਦਿਆਂ ਹੀ ਇਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਨਵੇਂ ਬਣੇ ਪ੍ਰਧਾਨਾਂ 'ਚ ਕਈ ਅਜਿਹੇ ਨਾਂ ਹਨ, ਜਿਨ੍ਹਾਂ ਦਾ ਕੱਦ ਇਸ ਅਹਿਮ ਅਹੁਦੇ ਲਈ ਛੋਟਾ ਹੈ। ਅਜਿਹੇ 'ਚ ਪਾਰਟੀ ਲਈ ਲੰਮੇ ਸਮੇਂ ਤੋਂ ਕੰਮ ਕਰਨ ਵਾਲੇ ਸਮਰਪਿਤ ਵਰਕਰ ਅਤੇ ਆਗੂ ਨਾਖੁਸ਼ ਹਨ। ਕਈ ਜ਼ਿਲਿਆਂ 'ਚ ਤਾਂ ਨਵੇਂ ਪ੍ਰਧਾਨਾਂ ਖਿਲਾਫ ਪਾਰਟੀ ਆਗੂ ਹੀ ਪ੍ਰਦਰਸ਼ਨ ਕਰਨ ਲੱਗੇ ਹਨ। ਕਈ ਨਾਮ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਸੂਬਾ ਕਾਂਗਰਸ ਦਾ ਦਫਤਰ ਤੱਕ ਨਹੀਂ ਪਤਾ ਤੇ ਜਿਨ੍ਹਾਂ ਨੂੰ ਜ਼ਿਲੇ 'ਚ ਕਿੰਨੇ ਬਲਾਕ ਅਤੇ ਵਾਰਡ ਹਨ ਦੀ ਵੀ ਪੂਰੀ ਜਾਣਕਾਰੀ ਨਹੀਂ ਹੈ।

ਗੁਰਦਾਸਪੁਰ 'ਚ ਜਿੱਥੇ ਪਾਰਟੀ ਨੇ ਬਿਨਾਂ ਸੋਚੇ ਸਮਝੇ ਇਕ ਸਰਕਾਰੀ ਮੁਲਾਜ਼ਮ ਨੂੰ ਹੀ ਜ਼ਿਲਾ ਪ੍ਰਧਾਨ ਬਣਾ ਦਿੱਤਾ ਅਤੇ ਉਥੇ ਖੰਨਾ ਤੋਂ ਹੀ ਬਣੇ ਪ੍ਰਧਾਨ ਨੇ ਵੀ ਕਿਹਾ ਕਿ ਉਸ ਦੀ ਤਾਂ ਪ੍ਰਧਾਨ ਬਣਨ ਦੀ ਮੰਸ਼ਾ ਹੀ ਨਹੀਂ ਸੀ। ਜਲੰਧਰ ਜ਼ਿਲੇ 'ਚ ਵੀ ਅਜਿਹੇ ਆਗੂ 'ਤੇ ਹੱਥ ਸ਼ਹਿਰੀ ਅਤੇ ਦਿਹਾਤੀ ਦੀ ਕਮਾਨ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਦਾ ਸਿਆਸੀ ਕੱਦ ਕਾਫੀ ਛੋਟਾ ਹੈ। ਜਿਸ ਤਰ੍ਹਾਂ ਬੇਨਾਮ ਨਾਵਾਂ ਨੂੰ ਜ਼ਿਲਾ ਪ੍ਰਧਾਨ ਬਣਾ ਦਿੱਤਾ ਗਿਆ, ਉਸ ਨਾਲ ਚੇਅਰਮੈਨੀ ਦੀ ਦੌੜ 'ਚ ਚੱਲ ਰਹੇ ਆਗੂਆਂ ਦੇ ਮਨ 'ਚ ਡਰ ਵੀ ਬੈਠ ਗਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਜਿਸ ਤਰ੍ਹਾਂ ਬੇਨਾਮ ਨਾਮ ਜ਼ਿਲਾ ਪ੍ਰਧਾਨ ਦੇ ਅਹੁਦੇ 'ਤੇ ਆ ਕੇ ਬੈਠ ਗਏ ਹਨ, ਉਸੇ ਤਰ੍ਹਾਂ ਚੇਅਰਮੈਨੀਆਂ ਦੇ ਨਾਮ ਵੀ ਬੇਨਾਮ ਆਗੂਆਂ ਦੇ ਰੂਪ 'ਚ ਸਾਹਮਣੇ ਨਾ ਆ ਜਾਣ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਸੂਬਾ ਕਾਂਗਰਸ ਨੇ ਇਨ੍ਹਾਂ ਨਾਵਾਂ ਨੂੰ ਭੇਜਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਐਕਸਰਸਾਈਜ਼ ਨਹੀਂ ਕੀਤੀ। ਨਵੇਂ ਪ੍ਰਧਾਨਾਂ ਦੇ ਨਾਵਾਂ 'ਤੇ ਉਂਗਲੀ ਉੱਠਣ ਨੂੰ ਲੈ ਕੇ ਸਿੱਧੇ ਤੌਰ 'ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਕਾਰਜ ਪ੍ਰਣਾਲੀ 'ਤੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੂਬਾ ਕਾਰਜਕਾਰਨੀ ਦੀ ਕੋਈ ਮੀਟਿੰਗ ਨਾ ਕਰਨ ਨੂੰ ਲੈ ਕੇ ਵੀ ਸੁਨੀਲ ਜਾਖੜ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹੇ ਹੋ ਗਏ ਹਨ। ਸੂਬਾ ਕਾਂਗਰਸ ਦੀ ਢਿੱਲੀ ਪ੍ਰਣਾਲੀ ਨੂੰ ਲੈ ਕੇ ਪਹਿਲਾਂ ਵੀ ਹਾਈਕਮਾਨ ਨਾਖੁਸ਼ ਹੈ। ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਮਜ਼ੋਰ ਪ੍ਰਧਾਨਾਂ ਦੀ ਲਿਸਟ ਭੇਜ ਕੇ ਇਕ ਵਾਰ ਫਿਰ ਸੁਨੀਲ ਜਾਖੜ ਨਿਸ਼ਾਨੇ 'ਤੇ ਆ ਗਏ ਹਨ।

ਉਧਰ ਜਲੰਧਰ 'ਚ ਹਾਈਕਮਾਨ ਨੇ ਇਕ ਸਾਬਕਾ ਕੌਂਸਲਰ ਜਿਸ ਨੇ ਖੁੱਲ੍ਹ ਕੇ ਆਪਣੀ ਹੀ ਪਾਰਟੀ ਦੇ ਵਿਧਾਇਕ ਖਿਲਾਫ ਆਵਾਜ਼ ਬੁਲੰਦ ਕੀਤੀ ਹੋਵੇ ਨੂੰ ਜ਼ਿਲਾ ਪ੍ਰਧਾਨ ਬਣਾ ਕੇ ਨਵੀਂ ਗੁੱਟਬਾਜ਼ੀ ਤੇ ਬਗਾਵਤ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜ਼ਿਲੇ ਦੇ ਸੀਨੀਅਰ ਕਾਂਗਰਸੀ ਆਗੂ ਵੀ ਇਸ ਗੱਲ ਤੋਂ ਹੈਰਾਨ ਹਨ ਕਿ ਜਿਸ ਆਗੂ ਦੀ ਨਗਰ ਨਿਗਮ ਚੋਣਾਂ 'ਚ ਟਿਕਟ ਕੱਟੀ ਗਈ ਅਤੇ ਪਿਛਲੇ ਤਕਰੀਬਨ ਦੋ ਸਾਲ ਤੋਂ ਜੋ ਆਗੂ ਵਿਹਲਾ ਹੋ ਕੇ ਘਰ ਬੈਠਾ ਹੈ ਅਤੇ ਜਿਸ ਦਾ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਨਾਲ ਕੋਈ ਨਾਤਾ ਨਹੀਂ ਰਿਹਾ, ਉਸ ਨੂੰ ਜ਼ਿਲਾ ਪ੍ਰਧਾਨ ਬਣਾ ਕੇ ਪਾਰਟੀ ਕੀ ਦਿਸ਼ਾ ਦੇਣਾ ਚਾਹੁੰਦੀ ਹੈ।

ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਅੰਦਰ ਸਰਕਾਰ ਦੀ ਬਜਾਏ ਸੰਗਠਨ ਜ਼ਿਆਦਾ ਮਜ਼ਬੂਤ ਹੁੰਦਾ ਹੈ ਪਰ ਜਿਸ ਤਰ੍ਹਾਂ ਜ਼ਿਲਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਉਸ ਤੋਂ ਤਾਂ ਲੱਗਦਾ ਹੈ ਕਿ ਪਾਰਟੀ ਲੋਕਸਭਾ ਚੋਣਾਂ ਦੀ ਤਿਆਰੀ 'ਚ ਖੁਦ ਹੀ ਫਾਡੀ ਰਹਿਣਾ ਚਾਹੁੰਦੀ ਹੈ। ਜ਼ਿਲਾ ਪ੍ਰਧਾਨਾਂ ਦੀ ਦੌੜ 'ਚ ਕਈ ਹੋਰ ਸੀਨੀਅਰ ਆਗੂਆਂ ਦਾ ਨਾਂ ਵੀ ਚੱਲ ਰਿਹਾ ਸੀ ਪਰ ਇਨ੍ਹਾਂ ਸਾਰੇ ਨਾਵਾਂ ਨੂੰ ਅੱਖੋਂ-ਪਰੋਖੇ ਕਰ ਪਾਰਟੀ ਨੇ ਉਨ੍ਹਾਂ ਆਗੂਆਂ ਨੂੰ ਪ੍ਰਧਾਨ ਬਣਾ ਦਿੱਤਾ ਜੋ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਗਤੀਵਿਧੀ 'ਚ ਸਰਗਰਮ ਨਹੀਂ ਰਹੇ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਵਿਰੋਧ ਤੇਜ਼ ਹੋਣ ਦੀ ਸੰਭਾਵਨਾ ਹੈ।

ਜ਼ਿਲਾ ਪ੍ਰਧਾਨਾਂ 'ਚ ਵੀ ਮਹਿਲਾ ਕੋਟਾ, ਮਹਿਲਾ ਕਾਂਗਰਸ ਦੀ ਹੋਂਦ ਖਤਰੇ 'ਚ
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜ਼ਿਲਾ ਪ੍ਰਧਾਨ ਅਹੁਦੇ ਲਈ ਵੀ ਮਹਿਲਾ ਕੋਟਾ ਤੈਅ ਕੀਤਾ ਗਿਆ ਹੈ। ਤਿੰਨ ਜ਼ਿਲਿਆਂ 'ਚ ਜ਼ਿਲਾ ਪ੍ਰਧਾਨ ਅਹੁਦੇ ਔਰਤਾਂ ਦੇ ਕੋਟੇ 'ਚ ਗਏ। ਇਨ੍ਹਾਂ 'ਚ ਅੰਮ੍ਰਿਤਸਰ ਅਰਬਨ ਦੀ ਕਮਾਨ ਜਤਿੰਦਰ ਕੌਰ ਸੋਨੀਆ, ਕਪੂਰਥਲਾ ਜ਼ਿਲੇ ਦੀ ਕਮਾਨ ਬਲਬੀਰ ਰਾਣੀ ਸੋਢੀ ਅਤੇ ਬਰਨਾਲਾ ਦੀ ਕਮਾਨ ਰੂਪੀ ਕੌਰ ਨੂੰ ਸੌਂਪੀ ਗਈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਜ਼ਿਲਾ ਪ੍ਰਧਾਨਾਂ ਦੀ ਕਮਾਨ ਹੀ ਔਰਤਾਂ ਨੂੰ ਸੌਂਪੀ ਜਾਣੀ ਹੈ ਤਾਂ ਫਿਰ ਮਹਿਲਾ ਕਾਂਗਰਸ ਦੀ ਪਾਰਟੀ ਵਿਚ ਕੀ ਹੋਂਦ ਰਹਿ ਜਾਵੇਗੀ। ਅਜਿਹੇ 'ਚ ਮਹਿਲਾ ਕਾਂਗਰਸ ਨੂੰ ਖਤਮ ਕਰ ਕੇ ਔਰਤਾਂ ਨੂੰ ਸੰਗਠਨ ਵਿਚ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।


shivani attri

Content Editor

Related News