ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲਾ ਪ੍ਰਧਾਨ ਜਥੇਦਾਰ ਕੁੱਸਾ ਗ੍ਰਿਫਤਾਰ, ਬਾਅਦ ਦੁਪਹਿਰ ਹੋਏ ਰਿਹਾਅ

11/18/2017 10:42:39 AM


ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਾਨ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਕੁੱਸਾ ਨੂੰ ਅੱਜ ਜ਼ਿਲੇ ਦੇ ਉੱਚ ਪੁਲਸ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਸਵੇਰੇ 4.30 ਵਜੇ ਘਰੋਂ ਗ੍ਰਿਫਤਾਰ ਕਰ ਲਿਆ। ਜਥੇਦਾਰ ਕੁੱਸਾ ਦੀ ਗ੍ਰਿਫਤਾਰੀ ਦਾ ਕਾਰਨ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਯੂ. ਕੇ. ਵਾਸੀ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਘਾਪੁਰਾਣਾ ਦੀ ਅਦਾਲਤ 'ਚ ਪੇਸ਼ ਕਰਨਾ ਦੱਸਿਆ ਜਾ ਰਿਹਾ ਹੈ। 
ਪੁਲਸ ਨੂੰ ਵੱਡਾ ਖਦਸ਼ਾ ਸੀ ਕਿ ਇਲਾਕੇ ਦੇ ਪੰਥਕ ਸਿੱਖ ਆਗੂ ਵੱਡੀ ਗਿਣਤੀ 'ਚ ਅੱਜ ਬਾਘਾਪੁਰਾਣਾ ਅਦਾਲਤ ਵਿਖੇ ਜੱਗੀ ਜੌਹਲ ਦੀ ਪੇਸ਼ੀ ਮੌਕੇ ਇਕੱਠੇ ਹੋ ਸਕਦੇ ਹਨ, ਜਿਸ ਦੇ ਡਰੋਂ ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਜਥੇਦਾਰ ਕੁੱਸਾ ਨੂੰ ਗ੍ਰਿਫਤਾਰ ਕੀਤਾ ਸੀ। ਜਥੇਦਾਰ ਕੁੱਸਾ ਨੂੰ ਬਾਅਦ ਦੁਪਹਿਰ ਰਿਹਾਅ ਕਰ ਦਿੱਤਾ ਗਿਆ। ਪੁਲਸ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਆਪਣੀ ਗ੍ਰਿਫਤਾਰੀ 'ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ 'ਚ ਸਿੱਖ ਨੌਜਵਾਨਾਂ ਨੂੰ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਸਾਨੂੰ ਮੌਜੂਦਾ ਮੁੱਖ ਮੰਤਰੀ ਕੈਪਟਨ ਦੀ ਸਰਕਾਰ ਤੇ ਸਾਬਕਾ ਮੁੱਖ ਮੰਤਰੀ ਬਾਦਲ ਦੇ ਰਾਜ 'ਚ ਕੋਈ ਫਰਕ ਨਹੀਂ ਦਿਸਦਾ। ਮੌਜੂਦਾ ਕਾਂਗਰਸ ਦੀ ਸਰਕਾਰ ਵੀ ਸਿੱਖ ਕੌਮ ਨਾਲ ਧੱਕੇਸ਼ਾਹੀਆਂ ਕਰ ਰਹੀ ਹੈ। ਇਸ ਗ੍ਰਿਫਤਾਰੀ ਦੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਮਨਜੀਤ ਸਿੰਘ ਮੱਲਾ, ਬਲਰਾਜ ਸਿੰਘ ਖਾਲਸਾ, ਗੁਰਜੰਟ ਸਿੰਘ ਸਮਾਲਸਰ, ਅੰਗਰੇਜ਼ ਸਿੰੰਘ ਤਖਤੂਪੁਰਾ, ਸੁਖਦੇਵ ਸਿੰਘ, ਜਸਵੰਤ ਸਿੰਘ ਜਵਾਹਰ ਸਿੰਘ ਵਾਲਾ, ਬਲਤੇਜ ਸਿੰਘ ਪੱਤੋਂ ਆਦਿ ਨੇ ਜਥੇਦਾਰ ਕੁੱਸਾ ਦੀ ਗ੍ਰਿਫਤਾਰੀ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ।


Related News