ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਪਰਚੀ ਨੂੰ ਲੈ ਸਾਹਮਣੇ ਆਇਆ ਵੱਡਾ ਘਪਲਾ, ਪਈਆਂ ਭਾਜੜਾਂ

Saturday, May 14, 2022 - 10:22 AM (IST)

ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਪਰਚੀ ਨੂੰ ਲੈ ਸਾਹਮਣੇ ਆਇਆ ਵੱਡਾ ਘਪਲਾ, ਪਈਆਂ ਭਾਜੜਾਂ

ਤਰਨ ਤਾਰਨ (ਰਮਨ) - ਸਥਾਨਕ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਕੱਟੀ ਜਾਣ ਵਾਲੀ ਪਰਚੀਆਂ ਨੂੰ ਲੈ ਧਾਂਦਲੀ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ। ਇਸ ਦੀ ਸ਼ਿਕਾਇਤ ਸ਼ਹਿਰ ਵਾਸੀ ਵਲੋਂ ਕਰਨ ਉਪਰੰਤ ਇਸ ਦੀ ਜਾਂਚ ਵਿਜੀਲੈਂਸ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਨੇ ਸਿਵਲ ਹਸਪਤਾਲ ਵਿਚ ਛਾਪੇਮਾਰੀ ਕਰਦੇ ਹੋਏ ਪਰਚੀ ਕਾਉਂਟਰ ਦਾ ਸਾਰਾ ਰਿਕਾਰਡ ਜ਼ਬਤ ਕਰਦੇ ਹੋਏ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਦਾਗੀ ਕਰਮਚਾਰੀਆਂ ਨੂੰ ਭਾਜੜਾਂ ਪੈ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਜਾਂਚ ਨੂੰ ਲੈ ਸਿਵਲ ਸਰਜਨ ਵਲੋਂ ਪਰਚੀ ਕੱਟਣ ਵਾਲੇ ਸਟਾਫ ਦੀ ਬਦਲੀ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਖੇ ਰੋਜ਼ਾਨਾ ਕਰੀਬ 800 ਮਰੀਜ਼ ਡਾਕਟਰ ਦੀ ਸਲਾਹ ਲੈਣ ਲਈ ਪੁੱਜਦੇ ਹਨ। ਸੂਤਰਾਂ ਅਨੁਸਾਰ ਪਰਚੀ ਕਾਊਂਟਰ ਉੱਪਰ ਬੈਠੇ ਸਟਾਫ ਵਲੋਂ ਮਰੀਜ਼ਾਂ ਦੀ ਕੱਟੀ ਜਾਣ ਵਾਲੀ ਪਰਚੀ ਵਿਚ ਧਾਂਦਲੀ ਪਾਈ ਗਈ ਹੈ, ਜਿਸ ਸਬੰਧੀ ਮਰੀਜ਼ ਪਾਸੋਂ 10 ਰੁਪਏ ਪਰਚੀ ਵਸੂਲਣ ਤੋਂ ਬਾਅਦ ਜਦੋਂ ਮਰੀਜ਼ ਦੂਸਰੀ ਵਾਰ ਹਸਪਤਾਲ ਵਿਚ ਆਉਂਦਾ ਸੀ ਤਾਂ ਕਰਮਚਾਰੀ ਵਲੋਂ ਕੰਪਿਊਟਰ ’ਚ ਪੁਰਾਣੀ ਪਰਚੀ ਦੇ ਸੀਰੀਅਲ ਨੰਬਰ ਨੂੰ ਬਿਨਾਂ ਛੇੜਛਾੜ ਕੀਤੇ ਤਰੀਕ ਬਦਲਦੇ ਹੋਏ ਮਰੀਜ਼ ਪਾਸੋਂ ਦੁਬਾਰਾ ਦੱਸ ਰੁਪਏ ਵਸੂਲ ਕਰ ਲਏ ਜਾਂਦੇ ਸੀ।

ਇੰਨਾ ਹੀ ਨਹੀਂ ਸਰਕਾਰ ਵਲੋਂ ਪੰਜ ਸਾਲ ਦੀ ਉਮਰ ਤੱਕ ਦੀਆਂ ਬੱਚੀ, ਇਕ ਸਾਲ ਤੱਕ ਦੇ ਬੱਚੇ, ਗਰਭਵਤੀ ਮਹਿਲਾਵਾਂ ਅਤੇ ਸੀਨੀਅਰ ਸਿਟੀਜ਼ਨ ਦਾ ਇਲਾਜ ਬਿਨਾਂ ਦੱਸ ਰੁਪਏ ਦੀ ਪਰਚੀ ਕਟਵਾਏ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਹਸਪਤਾਲ ਦੇ ਸਟਾਫ ਵਲੋਂ ਸਾਰਿਆਂ ਪਾਸੋਂ 10 ਰੁਪਏ ਦੀ ਪਰਚੀ ਦੇ ਹਿਸਾਬ ਨਾਲ ਧੜਾਧੜ ਪੈਸੇ ਵਸੂਲ ਕੀਤੇ ਜਾ ਰਹੇ ਹਨ। ਇਸ ਵਸੂਲੀ ਸਬੰਧੀ ਇਕੱਠੇ ਕੀਤੇ ਜਾਣ ਵਾਲੇ ਰੁਪਏ ਹਸਪਤਾਲ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਜੇਬਾਂ ਵਿਚ ਪਾਏ ਜਾ ਰਹੇ ਹਨ। ਇਸ ਗੋਲਮਾਲ ਦਾ ਪਰਦਾ ਇਕ ਸ਼ਹਿਰ ਵਾਸੀ ਵਲੋਂ ਚੁੱਕਦੇ ਹੋਏ ਇਸ ਦੀ ਸ਼ਿਕਾਇਤ ਸਿਵਲ ਸਰਜਨ ਡਾ. ਸੀਮਾ ਨੂੰ ਕਿ ਬੀਤੇ ਸੋਮਵਾਰ ਕੀਤੀ ਗਈ ਸੀ। 
ਇਹ ਮਾਮਲਾ ਵਿਜੀਲੈਂਸ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਵਲੋਂ ਸਿਵਲ ਹਸਪਤਾਲ ਵਿਖੇ ਸਵੇਰ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਕੱਟੀਆਂ ਗਈਆਂ ਪਰਚੀਆਂ ਅਤੇ ਕੰਪਿਊਟਰ ਦਾ ਡਾਟਾ ਕਬਜ਼ੇ ’ਚ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਇਸ ਕੀਤੇ ਜਾ ਰਹੇ ਘਪਲੇ ਨੂੰ ਕਿੰਨੇ ਸਾਲਾਂ ਤੋਂ ਚਲਾਇਆ ਜਾ ਰਿਹਾ ਸੀ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇੰਨਾ ਹੀ ਨਹੀਂ ਸਿਵਲ ਹਸਪਤਾਲ ਵਿਚ ਇਸ ਤਰ੍ਹਾਂ ਦੇ ਕੁਝ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਵਿਜੀਲੈਂਸ ਦੀ ਸ਼ੁਰੂਆਤੀ ਜਾਂਚ ਵਿਚ ਪਰਚੀ ਕਾਉਂਟਰ ਉੱਪਰ ਤਾਇਨਾਤ ਕਰਮਚਾਰੀਆਂ ਵਲੋਂ ਘਪਲਾ ਕੀਤਾ ਜਾਣਾ ਪਾਇਆ ਗਿਆ ਹੈ, ਜਿਸ ਦੀ ਜਾਂਚ ਹੋਰ ਡੂੰਘੇ ਪੱਧਰ ’ਤੇ ਵਿਜੀਲੈਂਸ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਸੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਕ ਵਿਅਕਤੀ ਵਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਗਈ। ਸ਼ਿਕਾਇਤਕਰਤਾ ਨੇ ਸ਼ਿਕਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਕੀਤੀ ਸੀ, ਜਿਸ ਤੋਂ ਬਾਅਦ ਵਿਜੀਲੈਂਸ ਵਲੋਂ ਵੀਰਵਾਰ ਅਤੇ ਸ਼ੁੱਕਰਵਾਰ ਦੋ ਦਿਨ ਦਸਤਕ ਦਿੰਦੇ ਹੋਏ ਜਾਂਚ ਸ਼ੁਰੂ ਕੀਤੀ ਗਈ ਹੈ। ਫਿਲਹਾਲ ਕਾਊਂਟਰ ਉੱਪਰ ਤਾਇਨਾਤ ਸਟਾਫ ਦੀ ਬਦਲੀ ਕਰ ਦਿੱਤੀ ਗਈ ਹੈ।

ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ
ਐੱਸ.ਐੱਸ.ਪੀ ਵਿਜੀਲੈਂਸ ਅੰਮ੍ਰਿਤਸਰ ਡੀ.ਐੱਸ ਢਿੱਲੋਂ ਨੇ ਦੱਸਿਆ ਕਿ ਇਸ ਜਾਂਚ ’ਚ ਜੋ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਦੇ ਹੋਰ ਮਾਮਲਿਆਂ ਦੀ ਵੀ ਜਾਂਚ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।


author

rajwinder kaur

Content Editor

Related News