ਸੜਕ ਹਾਦਸੇ ’ਚ ਮੌਤ ਤੋਂ 7 ਸਾਲ ਬਾਅਦ ਪਤਨੀ ਨੂੰ 6.8 ਲੱਖ ਦਾ ਮੁਆਵਜ਼ਾ
Friday, Jun 09, 2023 - 12:29 PM (IST)

ਚੰਡੀਗੜ੍ਹ (ਸੁਸ਼ੀਲ) : ਜ਼ਿਲ੍ਹਾ ਅਦਾਲਤ ਦੇ ਮੋਟਰ ਵ੍ਹੀਕਲ ਐਕਸੀਡੈਂਟ ਟ੍ਰਿਬਿਊਨਲ (ਐੱਮ. ਏ. ਸੀ. ਟੀ.) ਨੇ ਪੰਜਾਬ ਰੋਡਵੇਜ਼ ਬੱਸ ਦੀ ਟੱਕਰ ਨਾਲ ਜਾਨ ਗਵਾਉਣ ਵਾਲੇ ਦੀ ਪਤਨੀ ਨੂੰ 6.8 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਮ੍ਰਿਤਕ ਮੋਹਾਲੀ ਦੇ ਪਿੰਡ ਭਾਂਖਰਪੁਰ ਦਾ ਰਹਿਣ ਵਾਲਾ 56 ਸਾਲਾ ਸਮਰਜੀਤ ਬਰੁਆ ਸੀ। ਉਸਦੀ ਪਤਨੀ ਮਾਧਵੀ ਬਰੁਆ ਨੇ ਜ਼ਿਲ੍ਹਾ ਅਦਾਲਤ 'ਚ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਸਬੰਧੀ ਪਟੀਸ਼ਨ ਪਾਈ ਸੀ।
ਪਟੀਸ਼ਨ 'ਚ ਪੰਜਾਬ ਬੱਸ ਰਾਜ ਪ੍ਰਬੰਧਨ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਤੋਂ ਇਲਾਵਾ ਆਈ. ਸੀ. ਆਈ. ਸੀ. ਆਈ. ਲੋਂਬਾਰਡ ਮੋਟਰ ਇਸ਼ੋਰੈਂਸ ਕੰਪਨੀ ਨੂੰ ਵੀ ਪਾਰਟੀ ਬਣਾਇਆ ਗਿਆ ਸੀ। ਹਾਲਾਂਕਿ ਹੁਣ ਤੱਕ ਪੰਜਾਬ ਰੋਡਵੇਜ਼ ਦੇ ਉਸ ਚਾਲਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜੋ ਹਾਦਸੇ ਦੌਰਾਨ ਬੱਸ ਚਲਾ ਰਿਹਾ ਸੀ। ਮਾਧਵੀ ਨੇ ਪਟੀਸ਼ਨ 'ਚ ਦੱਸਿਆ ਸੀ ਕਿ ਪਤੀ ਸਮਰਜੀਤ ਬਰੁਆ ਦੀ ਵੈਲਡਿੰਗ ਦੀ ਦੁਕਾਨ ਸੀ। ਉਹ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ।
10 ਜੂਨ 2016 ਦੀ ਸ਼ਾਮ 6.30 ਵਜੇ ਉਹ ਜ਼ੀਰਕਪੁਰ ਤੋਂ ਰਾਮਦਰਬਾਰ ਵੱਲ ਐਕਟਿਵਾ ’ਤੇ ਆ ਰਿਹਾ ਸੀ। ਹੱਲੋਮਾਜਰਾ ਲਾਈਟ ਪੁਆਇੰਟ ’ਤੇ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਚਾਲਕ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ, ਜਿਸ ਕਾਰਨ ਹਾਦਸਾ ਹੋਇਆ। ਬੱਸ ਦੀ ਟੱਕਰ ਤੋਂ ਬਾਅਦ ਸਕੂਟਰੀ ਸਵਾਰ ਸਮਰਜੀਤ ਡਿੱਗ ਗਿਆ ਅਤੇ ਸਿਰ ਵਿਚ ਗੰਭੀਰ ਸੱਟ ਲੱਗੀ। ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਰਾਹਗੀਰ ਨੇ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਜ਼ਖ਼ਮੀ ਸਮਰਜੀਤ ਨੂੰ ਜੀ. ਐੱਮ. ਸੀ. ਐੱਚ.-32 ਵਿਚ ਦਾਖ਼ਲ ਕਰਵਾਇਆ। 6 ਦਿਨ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ।