ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਤਾਰੀਆਂ ਨੂੰ ਕਣਕ ਤੇ ਦਾਲ ਦੀ ਵੰਡ ਸ਼ੁਰੂ : ਆਸ਼ੂ

Saturday, May 02, 2020 - 10:53 PM (IST)

ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਤਾਰੀਆਂ ਨੂੰ ਕਣਕ ਤੇ ਦਾਲ ਦੀ ਵੰਡ ਸ਼ੁਰੂ : ਆਸ਼ੂ

ਚੰਡੀਗੜ੍ਹ, (ਸ਼ਰਮਾ)— ਕੋਵਿਡ-19 ਕਾਰਨ ਸੂਬੇ 'ਚ ਲਾਏ ਗਏ ਕਰਫਿਊ ਅਤੇ ਲਾਕਡਾਊਨ ਦੌਰਾਨ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਅਤੇ ਦਾਲ ਦੀ ਵੰਡ ਸ਼ੁਰੂ ਹੋ ਗਈ ਹੈ। ਇਸ ਨਾਲ ਸੂਬੇ ਦੇ 36 ਲੱਖ ਪਰਿਵਾਰਾਂ ਦੇ 1.40 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ ।
ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਅੰਮ੍ਰਿਤਸਰ, ਫਿਰੋਜ਼ਪੁਰ, ਫਰੀਦਕੋਟ, ਫ਼ਤਹਿਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਹਾਲੀ, ਪਟਿਆਲਾ, ਰੋਪੜ, ਸੰਗਰੂਰ ਜ਼ਿਲ੍ਹਿਆਂ ਵਿਖੇ ਦਾਲਾਂ ਪਹੁੰਚਣ ਉਪਰੰਤ ਵੰਡ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਰਾਜ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਸਮੂਹ ਲਾਭਪਤਾਰੀਆਂ ਨੂੰ 'ਪ੍ਰਧਾਨ ਮੰਤਰੀ ਗਰੀਬ ਕਲਿਆਣ' ਯੋਜਨਾ ਅਨੁਸਾਰ ਅਗਲੇ ਤਿੰਨ ਮਹੀਨਿਆਂ ਲਈ 5 ਕਿੱਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਬਣਦੀ ਕਣਕ ਮੁਫਤ (15 ਕਿੱਲੋ ਕਣਕ ਪ੍ਰਤੀ ਜੀਅ) ਅਤੇ ਇਕ ਕਿੱਲੋ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਦੇ ਹਿਸਾਬ ਦੇ ਬਣਦੀ ਦਾਲ (ਤਿੰਨ ਕਿੱਲੋ ਪ੍ਰਤੀ ਪਰਿਵਾਰ) ਦੀ ਵੰਡ ਸ਼ੁਰੂ ਕਰਨ ਦਾ ਸੂਬਾ ਸਰਕਾਰ ਵਲੋਂ ਫ਼ੈਸਲਾ ਕੀਤਾ ਗਿਆ ਸੀ। ਇਹ ਕਣਕ ਅਤੇ ਦਾਲ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ 6 ਮਹੀਨਿਆਂ ਲਈ ਇਕੱਠੀ ਵੰਡੀ ਜਾਂਦੀ ਕਣਕ ਤੋਂ ਇਲਾਵਾ ਹੈ। ਸੂਬੇ ਦੇ ਬਾਕੀ ਬਚਦੇ ਜ਼ਿਲ੍ਹਿਆਂ 'ਚ ਵੰਡ ਦਾ ਕੰਮ 10 ਮਈ ਤੋਂ ਸ਼ੁਰੂ ਹੋ ਜਾਵੇਗਾ।


author

KamalJeet Singh

Content Editor

Related News