ਕੋਰੋਨਾ ਨਾਲ ਹੋਈ ਮਾਂ ਦੀ ਮੌਤ ਕਾਰਨ ਪੁੱਤ ਨੇ ਬਣਾਈ ਦੂਰੀ, ਪ੍ਰਸ਼ਾਸਨ ਨੇ ਕੀਤਾ ਸਸਕਾਰ

Monday, Apr 06, 2020 - 11:51 PM (IST)

ਲੁਧਿਆਣਾ,(ਪੰਕਜ)- ਕੋਰੋਨਾ ਵਾਇਰਸ ਦਾ ਡਰ ਕਹੋ ਜਾਂ ਕਲਯੁਗ ਦਾ ਅਸਰ ਜਿਸ ਮਾਂ ਨੇ ਜਨਮ ਦਿੱਤਾ, ਉਸ ਦੀ ਲਾਸ਼ ਨੂੰ ਕਲੇਮ ਕਰਨ ਤੋਂ ਇਨਕਾਰ ਕਰਨ ਤੋਂ ਲੈ ਕੇ ਅੰਤਮ ਸੰਸਕਾਰ ਦੌਰਾਨ ਕੀਤੀਆਂ ਜਾਣ ਵਾਲੀਆਂ ਆਖਰੀ ਰਸਮਾਂ ਲਈ ਵੀ ਪਰਿਵਾਰ ਨੇ ਮਨ੍ਹਾ ਕਰ ਦਿੱਤਾ ਤੇ ਬਾਹਰ ਆਪਣੀ ਗੱਡੀ ਵਿਚ ਬੈਠੇ ਰਹੇ। ਸਸਕਾਰ ਦੀ ਸਾਰੀ ਪ੍ਰਕਿਰਿਆ ਨਿਭਾਉਣ 'ਚ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ। ਇਸ ਘਟਨਾ ਤੋਂ ਦੁਖੀ ਏ. ਡੀ. ਸੀ. ਇਕਬਾਲ ਸਿੰਘ ਸੰਧੂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪਾ ਕੇ ਦੁੱਖ ਅਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਮਾਂ ਨੇ ਜਨਮ ਦਿੱਤਾ, ਉਸ ਦੇ ਸਸਕਾਰ ਤੋਂ ਦੂਰੀ ਬਣਾਉਣਾ ਬੇਹੱਦ ਸ਼ਰਮਸਾਰ ਕਰਨ ਵਾਲੀ ਘਟਨਾ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਧੂ ਨੇ ਦੱਸਿਆ ਕਿ ਸ਼ਿਮਲਾਪੁਰੀ ਦੀ ਰਹਿਣ ਵਾਲੀ ਔਰਤ ਜੋ ਕਿ ਕੋਰੋਨਾ ਵਾਇਰਸ ਤੋਂ ਪੀੜਤ ਹੋ ਕੇ ਹਸਪਤਾਲ ਵਿਚ ਜ਼ੇਰੇ ਇਲਾਜ ਸੀ, ਦੀ ਕੱਲ ਮੌਤ ਹੋ ਗਈ। ਜਦੋਂ ਇਸ ਦੀ ਸੂਚਨਾ ਮ੍ਰਿਤਕਾ ਦੇ ਪਰਿਵਾਰ ਨੂੰ ਦਿੱਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਲਾਸ਼ ਲੈਣ ਤੋਂ ਹੀ ਮਨ੍ਹਾ ਕਰ ਦਿੱਤਾ, ਜਿਸ 'ਤੇ ਤਹਿਸੀਲਦਾਰ ਜਗਸੀਰ ਸਿੰਘ ਅਤੇ ਹੋਰਨਾਂ ਪੁਲਸ ਅÎਧਿਕਾਰੀਆਂ ਨੇ ਇਸ ਕੰਮ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਵੀ ਪਰਿਵਾਰ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਪ੍ਰਸ਼ਾਸਨ ਦੇ ਕੋਲ ਸਾਰੇ ਜ਼ਰੂਰੀ ਬਚਾਅ ਦੇ ਪ੍ਰਬੰਧ ਹਨ ਪਰ ਪਰਿਵਾਰ ਨੇ ਮ੍ਰਿਤਕਾ ਦੀ ਲਾਸ਼ ਨੂੰ ਮੋਢਾ ਦੇਣਾ ਤਾਂ ਦੂਰ ਅੰਤਮ ਕਿਰਿਆ ਤਕ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਸਕਾਰ ਦੌਰਾਨ ਸ਼ਮਸ਼ਾਨਘਾਟ ਤੋਂ ਬਾਹਰ ਆਪਣੀ ਕਾਰ ਵਿਚ ਹੀ ਬੈਠੇ ਰਹੇ। ਇਸ ਦੌਰਾਨ ਪ੍ਰਸ਼ਾਸਨ ਨੇ ਹੀ ਸਸਕਾਰ ਦੀ ਸਾਰੀ ਪ੍ਰਕਿਰਿਆ ਪੂਰੀ ਕੀਤੀ।
ਸ਼੍ਰੀ ਸੰਧੂ ਨੇ ਕਿਹਾ ਕਿ ਜਿਸ ਪਰਿਵਾਰ ਅਤੇ ਬੱਚਿਆਂ ਨੂੰ ਪਾਲਣ ਵਿਚ ਮ੍ਰਿਤਕਾ ਨੇ ਸਾਰੀ ਜ਼ਿੰਦਗੀ ਲਗਾ ਦਿੱਤੀ, ਆਖਰੀ ਸਮੇਂ ਉਸ ਨੂੰ ਮੋਢਾ ਤਕ ਨਸੀਬ ਨਹੀਂ ਹੋਇਆ, ਜੋ ਕਿ ਬੇਹੱਦ ਦੁੱਖਦਾਈ ਅਤੇ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ। ਅਜਿਹੇ ਸਮੇਂ ਜਦੋਂ ਮ੍ਰਿਤਕਾ ਦਾ ਸਸਕਾਰ ਉਨ੍ਹਾਂ ਵੱਲੋਂ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਰਖਵਾਉਣ ਦੀ ਜ਼ਿੰਮੇਦਾਰੀ ਵੀ ਉਨ੍ਹਾਂ ਨੇ, ਐੱਸ. ਡੀ. ਐੱਮ. ਅਮਰਿੰਦਰ ਸਿੰਘ ਮੱਲ੍ਹੀ ਅਤੇ ਡੀ. ਪੀ. ਆਰ. ਓ. ਪ੍ਰਭਦੀਪ ਸਿੰਘ ਨੇ ਆਪਣੇ ਜੇਬ ਵਿਚੋਂ ਗੁਰਦੁਆਰਾ ਬਾਬਾ ਦੀਪ ਸਿੰਘ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਘਟਨਾ ਨਾਲ ਪ੍ਰਸ਼ਾਸਨ ਦਾ ਵੀ ਇਕ ਵੱਖਰਾ ਚਿਹਰਾ ਆਮ ਜਨਤਾ ਦੇ ਸਾਹਮਣੇ ਆਇਆ ਹੈ, ਜਿਸ ਦੀ ਚਾਰੇ ਪਾਸੇ ਸਿਫਤ ਕੀਤੀ ਜਾ ਰਹੀ ਹੈ। ਏ. ਡੀ. ਸੀ. ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸਮੇਂ ਵਿਚ ਰਿਸ਼ਤਿਆਂ ਦੇ ਨਾਲ-ਨਾਲ ਮਨੁੱਖਤਾ ਨੂੰ ਬਰਕਰਾਰ ਰੱਖਣਾ ਸਭ ਦੀ ਜ਼ਿੰਮੇਦਾਰੀ ਬਣਦੀ ਹੈ।


Bharat Thapa

Content Editor

Related News