ਖਾਂਬਰਾ ’ਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਏ ਵਿਵਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ
Thursday, Nov 21, 2024 - 05:40 AM (IST)
ਜਲੰਧਰ (ਮਹੇਸ਼) – ਥਾਣਾ ਸਦਰ ਜਮਸ਼ੇਰ ਅਧੀਨ ਪੈਂਦੇ ਇਲਾਕੇ ਖਾਂਬਰਾ ਵਿਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਏ ਵਿਵਾਦ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਗੁੱਸੇ ਵਿਚ ਆਏ ਲੋਕ ਖਾਂਬਰਾ ਲਿੰਕ ਰੋਡ ਜਾਮ ਕਰ ਕੇ ਧਰਨੇ ’ਤੇ ਬੈਠ ਗਏ।
ਮਿਲੀ ਜਾਣਕਾਰੀ ਅਨੁਸਾਰ ਖਾਂਬਰਾ ਨਿਵਾਸੀ ਜੋਤ ਸਿੰਘ ਜੋ ਕਿ ਲਾਖ ਗਿਫਟ ਸੈਂਟਰ ਵਿਚ ਸਾਮਾਨ ਲੈਣ ਗਿਆ ਸੀ, ਉਥੇ ਮੌਜੂਦ ਖਾਂਬਰਾ ਚਰਚ ਦੇ ਮੈਨੇਜਰ ਨਾਲ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਉਸਦੀ ਬਹਿਸ ਹੋ ਗਈ, ਜਿਸ ਕਾਰਨ ਮੈਨੇਜਰ ਨੇ ਦੁਕਾਨ ਅੰਦਰ ਜਾ ਕੇ ਉਕਤ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਫੋਨ ਕਰ ਕੇ ਆਪਣੇ 60 ਤੋਂ 70 ਲੋਕਾਂ ਨੂੰ ਵੀ ਉਥੇ ਬੁਲਾ ਲਿਆ।
ਉਥੇ ਹੀ ਆਪਣੇ ਨਾਲ ਹੋਈ ਮਾਰਕੁੱਟ ਬਾਰੇ ਨੌਜਵਾਨ ਨੇ ਆਪਣੇ ਪਰਿਵਾਰ ਨੂੰ ਦੱਸਿਆ। ਇਸ ਤੋਂ ਬਾਅਦ ਉਹ ਲੋਕ ਉਸ ਕੋਲ ਆ ਹੀ ਰਹੇ ਸਨ ਕਿ ਖੁਰਾਣਾ ਟੈਲੀਕਾਮ ਦੇ ਸਾਹਮਣੇ ਹਥਿਆਰਾਂ ਨਾਲ ਲੈਸ ਮੈਨੇਜਰ ਦੇ ਸਾਥੀਆਂ ਨੇ ਗੁੰਡਾਗਰਦੀ ਦਾ ਨਾਚ ਕਰਦਿਆਂ ਜੋਤ ਦੇ ਪਰਿਵਾਰ ਵਾਲਿਆਂ ’ਤੇ ਵੀ ਹਮਲਾ ਕਰ ਦਿੱਤਾ, ਜਿਸ ਨਾਲ ਕਰਣ, ਦਾਮੋਦਰ ਸਿੰਘ, ਹਰਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਦਾਮੋਦਰ ਸਿੰਘ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਜੋਤ ਸਿੰਘ ਨਾਲ ਕੁੱਟਮਾਰ ਹੋਈ ਹੈ ਤਾਂ ਅਸੀਂ ਉਸ ਕੋਲ ਜਾ ਰਹੇ ਸੀ ਪਰ ਮੈਨੇਜਰ ਦੇ ਬੁਲਾਉਣ ’ਤੇ ਉਥੇ ਆਈ ਭੀੜ ਨੇ ਉਸਦੇ ਭਰਾ ਨੂੰ ਘਰੋਂ ਖਿੱਚ ਕੇ ਸੜਕ ’ਤੇ ਲਿਆ ਕੇ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
ਫਤਹਿਪੁਰ ਪੁਲਸ ਚੌਕੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਨੇ ਕੁੱਟਮਾਰ ਦਾ ਰੂਪ ਧਾਰਨ ਕਰ ਲਿਆ। ਜੋ ਵੀ ਬਣਦੀ ਕਾਰਵਾਈ ਹੋਵੇਗੀ, ਕੀਤੀ ਜਾਵੇਗੀ।