ਲੁਧਿਆਣਾ : ਕਾਲਜ ਦੇ ਵਿਦਿਆਰਥੀਆਂ 'ਚ ਖੜਕੀ, ਬਿਹਾਰ ਤੱਕ ਪੁੱਜਾ ਮਾਮਲਾ
Tuesday, Sep 03, 2019 - 02:09 PM (IST)

ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ. ਐੱਨ. ਈ.) 'ਚ ਵਿਦਿਆਰਥੀਆਂ ਦੀਆਂ 2 ਧਿਰਾਂ ਵਿਚਕਾਰ ਝੜਪ ਹੋ ਗਈ, ਜਿਸ ਦੌਰਾਨ ਕਈ ਵਿਦਿਆਰਥੀ ਜ਼ਖਮੀਂ ਵੀ ਹੋ ਗਏ। ਜਾਣਕਾਰੀ ਮੁਤਾਬਕ ਇਕ ਧਿਰ ਪਰਵਾਸੀ ਵਿਦਿਆਰਥੀਆਂ ਦੀ ਹੈ, ਜੋ ਕਿ ਯੂ. ਪੀ. ਅਤੇ ਬਿਹਾਰ ਨਾਲ ਸਬੰਧਿਤ ਹੈ। ਇਨ੍ਹਾਂ ਵਿਦਿਆਰਥੀਆਂ ਵਲੋਂ ਬਿਹਾਰ ਦੇ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ 'ਤੇ ਇਕ ਪੱਤਰ ਅਤੇ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ ਗਈ ਹੈ, ਜਦੋਂ ਕਿ ਸਥਾਨਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਰਵਾਸੀ ਵਿਦਿਆਰਥੀਆਂ ਨੇ ਹੀ ਪਹਿਲ ਕੀਤੀ ਹੈ। ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਤੱਕ ਮਾਮਲਾ ਪੁੱਜਣ 'ਤੇ ਲੁਧਿਆਣਾ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਅਤੇ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਵਿਦਿਆਰਥੀਆਂ ਨੇ ਦੱਸਿਆ ਕਿ ਕੁਝ ਪਰਵਾਸੀ ਵਿਦਿਆਰਥੀਆਂ ਵਲੋਂ ਹੋਸਟਲ 'ਚ ਮੈੱਸ ਦੀ ਰੋਟੀ ਨੂੰ ਲੈ ਕੇ ਵਿਵਾਦ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਲੜਾਈ ਹੋਈ ਅਤੇ ਉਨ੍ਹਾਂ ਵਲੋਂ ਹਮਲਾ ਕਰ ਦਿੱਤਾ ਗਿਆ। ਦੂਜੇ ਪਾਸੇ ਪਰਵਾਸੀ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨਾਲ ਸਥਾਨਕ ਕਾਲਜ ਪ੍ਰਸ਼ਾਸਨ, ਪੁਲਸ ਅਤੇ ਵਿਦਿਆਰਥੀਆਂ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਲਜ 'ਚ ਵੜਨ ਤੱਕ ਨਹੀਂ ਦਿੱਤਾ ਜਾ ਰਿਹਾ। ਮੌਕੇ 'ਤੇ ਲੁਧਿਆਣਾ ਦੇ ਡੀ. ਐੱਸ. ਪੀ. ਹੈੱਡਕੁਆਰਟਰ ਵੀ ਹੋਸਟਲ ਪੁੱਜੇ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ ਪਰ ਕਾਲਜ ਪ੍ਰਬੰਧਨ ਆਪਣੀ ਸਾਖ ਬਚਾਉਣ ਲਈ ਕੁਝ ਵੀ ਕਹਿਣ ਤੋਂ ਮੀਡੀਆ ਅੱਗੇ ਆਉਣ ਤੋਂ ਇਨਕਾਰ ਕਰ ਰਿਹਾ ਹੈ।