ਖੰਨਾ ਦੇ ਕਾਲਜ ਅੰਦਰ ਆਪਸ 'ਚ ਭਿੜੇ ਕਸ਼ਮੀਰੀ ਤੇ ਬਿਹਾਰੀ ਵਿਦਿਆਰਥੀ

Monday, Nov 04, 2019 - 10:55 AM (IST)

ਖੰਨਾ ਦੇ ਕਾਲਜ ਅੰਦਰ ਆਪਸ 'ਚ ਭਿੜੇ ਕਸ਼ਮੀਰੀ ਤੇ ਬਿਹਾਰੀ ਵਿਦਿਆਰਥੀ

ਖੰਨਾ (ਵਿਪਨ) : ਖੰਨਾ ਦੇ ਲਿਬੜਾ ਸਥਿਤ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ 'ਚ ਐਤਵਾਰ ਨੂੰ ਕਸ਼ਮੀਰੀ ਤੇ ਬਿਹਾਰੀ ਵਿਦਿਆਰਥੀ ਆਪਸ 'ਚ ਭਿੜ ਪਏ। ਕਸ਼ਮੀਰੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਬਿਹਾਰੀ ਵਿਦਿਆਰਥੀਆਂ ਵਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਨੇ ਕਾਲਜ ਮੈਨਜਮੈਂਟ 'ਤੇ ਦੋਸ਼ ਲਾਇਆ ਕਿ ਕਾਲਜ 'ਚ ਕਸ਼ਮੀਰੀ ਵਿਦਿਆਰਥੀਆਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।

ਜਾਣਕਾਰੀ ਮੁਤਾਬਕ ਕਾਲਜ ਦੀ ਕੰਟੀਨ 'ਚ ਬੈਠੇ ਕੁਝ ਵਿਦਿਆਰਥੀਆਂ ਨੇ ਸਮੇਂ 'ਤੇ ਸਮਾਨ ਨਾ ਪੁੱਜਣ ਕਾਰਨ ਭਾਂਡੇ ਖੜਕਾਉਣੇ ਸ਼ੁਰੂ ਕਰ ਦਿੱਤੇ ਤਾਂ ਕਸ਼ਮੀਰੀ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ, ਜਿਸ ਦੌਰਾਨ ਦੋਹਾਂ ਧਿਰਾਂ 'ਚ ਝੜਪ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਤੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਾਉਣ 'ਚ ਲੱਗ ਗਈ। ਇਸ ਦੌਰਾਨ ਕਸ਼ਮੀਰੀ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਦਾ ਕੋਈ ਬੰਦੋਬਸਤ ਨਹੀਂ ਹੈ।

ਪੁਲਸ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਸ਼ਮੀਰੀ ਤੇ ਬਿਹਾਰੀ ਵਿਦਿਆਰਥੀਆਂ ਵਿਚਾਲੇ ਝਗੜਾ ਚਾਹ ਨੂੰ ਲੈ ਕੇ ਹੋਇਆ ਸੀ। ਫਿਲਹਾਲ ਪੁਲਸ ਵਲੋਂ ਤਣਾਅਪੂਰਨ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ਨੇ ਕਾਲਜ ਹੋਸਟਲ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ।


author

Babita

Content Editor

Related News