ਚੰਡੀਗੜ੍ਹ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਇਸ ਬੀਮਾਰੀ ਦਾ ਵੱਧਣ ਲੱਗਾ ਕਹਿਰ, ਹੈਲਪਲਾਈਨ ਨੰਬਰ ਜਾਰੀ

09/21/2023 12:52:08 PM

ਚੰਡੀਗੜ੍ਹ (ਪਾਲ) : ਪਿਛਲੇ ਕੁੱਝ ਹਫ਼ਤਿਆਂ ਤੋਂ ਲਗਾਤਾਰ ਤਾਪਮਾਨ 'ਚ ਉਤਰਾਅ-ਚੜ੍ਹਾਅ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਸ਼ਹਿਰ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਅਨੁਸਾਰ ਸ਼ਹਿਰ 'ਚ ਡੇਂਗੂ ਦੇ ਮਰੀਜ਼ਾਂ ਦਾ ਅੰਕੜਾ 100 ਤੱਕ ਪਹੁੰਚ ਗਿਆ ਹੈ, ਜਦੋਂਕਿ ਪਿਛਲੇ ਮਹੀਨੇ ਦੇ ਅਖ਼ੀਰ ਤੱਕ ਇਹ ਗਿਣਤੀ 20 ਸੀ।
ਸਿਰਫ 20 ਮਿੰਟਾਂ ’ਚ ਆ ਜਾਂਦੀ ਹੈ ਐਂਟੀਜਨ ਟੈਸਟ ਦੀ ਰਿਪੋਰਟ
ਸਿਹਤ ਵਿਭਾਗ ਅਨੁਸਾਰ ਫੌਗਿੰਗ ਅਤੇ ਸਪ੍ਰੇਅ ਸਬੰਧੀ ਹੈਲਪਲਾਈਨ ’ਤੇ ਰੋਜ਼ਾਨਾ ਔਸਤਨ ਕਾਲਾਂ ਆ ਰਹੀਆਂ ਹਨ। ਹਾਲਾਂਕਿ ਪਿਛਲੇ ਮਹੀਨੇ ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਵਿਭਾਗ ਪਹਿਲਾਂ ਹੀ ਅਲਰਟ ਮੋਡ ’ਤੇ ਆ ਗਿਆ ਸੀ। ਟੀਮ ਵਲੋਂ ਸ਼ਹਿਰ ਵਿਚ ਜਿੱਥੇ-ਜਿੱਥੇ ਪਾਣੀ ਖੜ੍ਹਾ ਹੈ, ਉਥੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਜੇਕਰ ਕਿਸੇ ਨੂੰ ਡੇਂਗੂ ਦੇ ਲੱਛਣ ਹੋਣ ਤਾਂ ਬਿਨ੍ਹਾਂ ਦੇਰੀ ਐਂਟੀਜਨ ਜਾਂ ਐਂਟੀਬਾਡੀ ਟੈਸਟ ਕਰਵਾਓ। ਐਂਟੀਜਨ ਟੈਸਟ ਦੀ ਰਿਪੋਰਟ ਸਿਰਫ 20 ਮਿੰਟਾਂ 'ਚ ਆਉਂਦੀ ਹੈ, ਜਦੋਂ ਕਿ ਐਂਟੀਬਾਡੀ ਟੈਸਟ ਦੀ ਰਿਪੋਰਟ ਨੂੰ ਚਾਰ ਤੋਂ ਪੰਜ ਦਿਨ ਦਾ ਸਮਾਂ ਲੱਗਦਾ ਹੈ। ਐਂਟੀਜਨ ਟੈਸਟ 'ਚ ਸ਼ੁਰੂਆਤੀ ਲੱਛਣਾਂ ਦੇ ਆਧਾਰ ’ਤੇ ਡੇਂਗੂ ਦੀ ਜਾਂਚ ਕੀਤੀ ਜਾਂਦੀ ਹੈ, ਜਦੋਂ ਕਿ ਐਂਟੀਬਾਡੀ ਟੈਸਟ 'ਚ ਲੱਛਣਾਂ ਦੇ ਸਾਹਮਣੇ ਆਉਣ ਤੋਂ ਇਕ ਹਫ਼ਤੇ ਬਾਅਦ ਡੇਂਗੂ ਦਾ ਪਤਾ ਵਾਇਰਸ ਦੇ ਟੈਸਟ ਰਾਹੀਂ ਲੱਗਦਾ ਹੈ। ਡੇਂਗੂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵਿਭਾਗ ਡੇਂਗੂ ਸਬੰਧੀ ਐਡਵਾਈਜ਼ਰੀ ਵੀ ਰੋਜ਼ਾਨਾ ਜਾਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਹੁਕਮ
ਇਸ ਤਰ੍ਹਾਂ ਕਰੋ ਡੇਂਗੂ ਤੋਂ ਬਚਾਅ
ਘਰ ਅੰਦਰ ਜਾਂ ਬਾਹਰ ਅਤੇ ਕੂਲਰਾਂ ਜਾਂ ਭਾਂਡਿਆਂ ਆਦਿ 'ਚ ਪਾਣੀ ਇਕੱਠਾ ਨਾ ਹੋਣ ਦਿਓ। ਓਡੋਮੋਸ ਆਦਿ ਦਵਾਈਆਂ ਦੀ ਵਰਤੋਂ ਕਰੋ। ਜੇ ਹੋ ਸਕੇ ਤਾਂ ਸਵੇਰੇ-ਸ਼ਾਮ ਆਪਣੇ ਪੂਰੇ ਸਰੀਰ ਨੂੰ ਕੱਪੜਿਆਂ ਨਾਲ ਢਕ ਕੇ ਰੱਖੋ। ਪਿਛਲੇ ਸਾਲ ਸ਼ਹਿਰ 'ਚ ਡੇਂਗੂ ਦੇ ਮਾਮਲੇ ਘੱਟ ਸਨ ਪਰ 2021 'ਚ ਇਹ ਗਿਣਤੀ ਬਹੁਤ ਜ਼ਿਆਦਾ ਸੀ। ਆਮ ਤੌਰ ’ਤੇ ਮਾਨਸੂਨ ਤੋਂ ਬਾਅਦ ਮਤਲਬ ਸਤੰਬਰ, ਅਕਤੂਬਰ ਅਤੇ ਨਵੰਬਰ 'ਚ ਇਸਦਾ ਸੀਜਨ ਹੁੰਦਾ ਹੈ। ਉੱਥੇ ਹੀ ਅਕਤੂਬਰ ਪੀਕ ਸੀਜ਼ਨ ਹੁੰਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ Teacher ਭਗਵਾਨ ਬਣਿਆ ਹੈਵਾਨ, LKG ਦੇ ਬੱਚੇ ਦੀ ਅਜਿਹੀ ਵੀਡੀਓ  ਦੇਖ ਖੂਨ ਖੌਲ ਉੱਠੇਗਾ
ਲੱਛਣਾਂ ਨੂੰ ਨਾ ਕਰੋ ਅਣਦੇਖਿਆਂ
ਕਿਸੇ ਵਿਅਕਤੀ ਨੂੰ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਬੁਖਾਰ ਹੋਵੇ ਅਤੇ ਹੱਡੀਆਂ ਅਤੇ ਜੋੜਾਂ 'ਚ ਦਰਦ ਹੋਵੇ ਤਾਂ ਤੁਰੰਤ ਜਾਂਚ ਕਰਵਾਓ। ਨੱਕ ਅਤੇ ਦੰਦਾਂ ਵਿਚੋਂ ਖੂਨ ਵਗ ਰਿਹਾ ਹੋਵੇ ਤਾਂ ਵਿਅਕਤੀ ਨੂੰ ਡੇਂਗੂ ਹੋ ਸਕਦਾ ਹੈ। ਉਲਟੀ 'ਚ ਖੂਨ, ਤੇਜ਼ ਸਾਹ ਲੈਣਾ ਅਤੇ ਖੂਨ ਦੇ ਪਲੇਟਲੈਟਸ ਦਾ ਘੱਟ ਹੋਣਾ ਡੇਂਗੂ ਦਾ ਕਾਰਨ ਹੋ ਸਕਦਾ ਹੈ।
ਘਰ-ਘਰ ਜਾ ਕੇ ਮਾਨੀਟਰਿੰਗ ਕਰ ਰਹੀਆਂ ਮਲੇਰੀਆ ਵਿਭਾਗ ਦੀਆਂ ਟੀਮਾਂ
ਮਲੇਰੀਆ ਵਿਭਾਗ ਕੋਲ 38 ਵਿਅਕਤੀਆਂ ਦੀਆਂ ਟੀਮਾਂ ਹਨ, ਜੋ ਘਰ-ਘਰ ਜਾ ਕੇ ਡੇਂਗੂ ਦੀ ਮਾਨੀਟਰਿੰਗ ਕਰ ਰਹੀਆਂ ਹਨ। ਕੰਟੇਨਰਾ, ਕੂਲਰ ਤੇ ਟੈਂਕੀਆਂ ਵਰਗੇ ਵੱਡੇ ਮੇਨ ਬ੍ਰੀਡਿੰਗ ਪੁਆਇੰਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਡੇਂਗੂ ਸਬੰਧੀ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਤਾਂ ਜੋ ਲੋਕ ਡੇਂਗੂ ਤੋਂ ਸੁਰੱਖਿਅਤ ਰਹਿ ਸਕਣ। ਵਿਭਾਗ ਨੇ ਫੌਗਿੰਗ ਲਈ ਨੰਬਰ ਵੀ ਜਾਰੀ ਕੀਤਾ ਹੈ। ਇਸ ਸਮੇਂ ਮਲੇਰੀਆ ਵਿੰਗ ਕੋਲ 4 ਫੌਗਿੰਗ ਵਾਹਨ ਅਤੇ 20 ਹੱਥ ਵਾਲੀਆਂ ਮਸ਼ੀਨਾਂ ਵੀ ਹਨ।

ਹੈਲਪਲਾਈਨ ਨੰਬਰ ਹੋਇਆ ਜਾਰੀ
ਸਿਹਤ ਵਿਭਾਗ ਨੇ ਡੇਂਗੂ ਹੈਲਪਲਾਈਨ 7626002036 ਜਾਰੀ ਕੀਤੀ ਹੈ। ਸ਼ਹਿਰ ਦੇ ਤਿੰਨੇ ਵੱਡੇ ਹਸਪਤਾਲਾਂ ਪੀ. ਜੀ. ਆਈ., ਜੀ. ਐੱਮ. ਸੀ. ਐੱਚ.-32 ਤੇ ਜੀ. ਐੱਮ. ਐੱਸ. ਐੱਚ.-16 ਵਿਚ ਡੇਂਗੂ ਟੈਸਟ ਕਰਵਾਇਆ ਜਾ ਸਕਦਾ ਹੈ। ਉਥੇ ਹੀ ਮਨੀਮਾਜਰਾ, ਸੈਕਟਰ-22 ਤੇ ਸੈਕਟਰ-45 ਸਿਵਲ ਹਸਪਤਾਲ ਵਿਚ ਵੀ ਟੈਸਟ ਦੀ ਸਹੂਲਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News