ਕਾਂਗਰਸ ਦੇ ਵਾਰ ਰੂਮ ‘15 ਆਰ. ਜੀ.’ ’ਚ ਪੰਜਾਬ ਦੀਆਂ 117 ਸੀਟਾਂ ’ਤੇ ਮੰਥਨ

Tuesday, Dec 07, 2021 - 01:38 PM (IST)

ਕਾਂਗਰਸ ਦੇ ਵਾਰ ਰੂਮ ‘15 ਆਰ. ਜੀ.’ ’ਚ ਪੰਜਾਬ ਦੀਆਂ 117 ਸੀਟਾਂ ’ਤੇ ਮੰਥਨ

ਜਲੰਧਰ (ਅਨਿਲ ਪਾਹਵਾ) : ਪੰਜਾਬ ’ਚ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਨੂੰ ਉਤਾਰਨ ਲਈ ਇਨ੍ਹੀਂ ਦਿਨੀਂ ਸਰਵੇ ਕਰਵਾ ਰਹੀ ਹੈ, ਜਿਸ ਵਿਚ ਪਾਰਟੀ ਨੂੰ ਜਿੱਤ ਦਿਵਾਉਣ ਵਾਲੇ ਚਿਹਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਭਾਲ ਨੂੰ ਪੂਰਾ ਕਰਨ ਲਈ ਪਾਰਟੀ ਦਾ ਪਹਿਲਾ ਸਰਵੇ ਪੂਰਾ ਹੋ ਚੁੱਕਾ ਹੈ। ਇਸ ਸਰਵੇ ਸਬੰਧੀ ਹੁਣੇ ਜਿਹੇ ਦਿੱਲੀ ਵਿਚ ਕਾਂਗਰਸ ਵੱਲੋਂ ਬਣਾਏ ਗਏ ਵਾਰ ਰੂਮ (15 ਆਰ. ਜੀ.) ਵਿਚ ਇਕ ਬੈਠਕ ਵੀ ਹੋ ਚੁੱਕੀ ਹੈ, ਜਿਸ ’ਚ ਕਮਜ਼ੋਰ ਸੀਟਾਂ ’ਤੇ ਮੰਥਨ ਦਾ ਸਿਲਸਿਲਾ ਵੀ ਚੱਲਿਆ ਹੈ। ਇਸ ਪਹਿਲੇ ਸਰਵੇ ਦੀ ਰਿਪੋਰਟ ਤੋਂ ਬਾਅਦ ਹੁਣ ਪਾਰਟੀ ਨੇ ਦੂਜਾ ਸਰਵੇ ਸ਼ੁਰੂ ਕਰਵਾ ਦਿੱਤਾ ਹੈ, ਜਿਸ ਦੇ ਲਈ ਸਰਵੇ ਟੀਮਾਂ ਵਿਧਾਨ ਸਭਾ ਹਲਕਿਆਂ ਵਿਚ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਕੀ ਬੇਰੋਜ਼ਗਾਰੀ ਭਾਜਪਾ ਦੇ ਗਲੇ ਦੀ ਹੱਡੀ ਬਣ ਸਕਦੀ ਹੈ?

6 ਪੜਾਵਾਂ ’ਚ ਹੋਵੇਗਾ ਕਾਂਗਰਸ ਦਾ ਸਰਵੇ
ਪੰਜਾਬ ’ਚ ਟਿਕਟਾਂ ਦਾ ਐਲਾਨ ਕਰਨ ਤੋਂ ਪਹਿਲਾਂ ਸਾਰੇ ਕਾਂਗਰਸੀ ਉਮੀਦਵਾਰਾਂ ਨੂੰ 6 ਦਰਵਾਜ਼ਿਆਂ ’ਚੋਂ ਹੋ ਕੇ ਲੰਘਣਾ ਪਵੇਗਾ। ਹਰ ਦਰਵਾਜ਼ੇ ’ਤੇ ਹਰ ਉਮੀਦਵਾਰ ਦੀ ਸਖਤ ਪ੍ਰੀਖਿਆ ਹੋਵੇਗੀ। ਪ੍ਰੀਖਿਆ ਵਿਚ ਪਾਸ ਹੋਣ ’ਤੇ ਹੀ ਉਸ ਨੂੰ ਟਿਕਟ ਮਿਲੇਗੀ। ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਜੋ 6 ਸਰਵੇ ਕਰਵਾ ਰਹੀ ਹੈ, ਉਨ੍ਹਾਂ ਵਿਚੋਂ 3 ਸਰਵੇ ਨਿੱਜੀ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਹਨ, ਜਦੋਂਕਿ 3 ਹੋਰ ਸਰਵੇ ਪਾਰਟੀ ਦੇ ਆਬਜ਼ਰਵਰਾਂ ਵੱਲੋਂ ਕੀਤੇ ਜਾ ਰਹੇ ਹਨ। ਇਸ ਪੂਰੀ ਮੁਹਿੰਮ ’ਚ ਲਗਭਗ ਇਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਪਹਿਲੇ ਸਰਵੇ ਦੀ ਰਿਪੋਰਟ ਨਿੱਜੀ ਕੰਪਨੀ ਵੱਲੋਂ ਦਿੱਤੀ ਜਾ ਚੁੱਕੀ ਹੈ, ਜਦੋਂਕਿ ਪਾਰਟੀ ਲੈਵਲ ’ਤੇ ਪਹਿਲੇ ਸਰਵੇ ਦੀ ਰਿਪੋਰਟ ਅੱਜ-ਕੱਲ ਵਿਚ ਦਿੱਤੀ ਜਾਵੇਗੀ।

15 ਆਰ. ਜੀ. ’ਚ 3 ਘੰਟੇ ਤਕ ਚੱਲੀ ਸਰਵੇ ’ਤੇ ਚਰਚਾ
ਪੰਜਾਬ ’ਚ 117 ਵਿਧਾਨ ਸਭਾ ਸੀਟਾਂ ’ਤੇ ਉਮੀਦਵਾਰ ਉਤਾਰਨ ਲਈ ਜੋ ਸਰਵੇ ਕਾਂਗਰਸ ਵਿਚ ਚੱਲ ਰਹੇ ਹਨ, ਉਨ੍ਹਾਂ ਦੀ ਪਹਿਲੀ ਰਿਪੋਰਟ ’ਤੇ ਲਗਭਗ 3 ਘੰਟੇ ਚਰਚਾ ਚੱਲੀ। ਦਿੱਲੀ ਵਿਚ ਵਾਰ ਰੂਮ ਜਿਸ ਨੂੰ 15 ਆਰ. ਜੀ. ਵੀ ਕਿਹਾ ਜਾਂਦਾ ਹੈ, ਵਿਚ ਰਾਹੁਲ ਗਾਂਧੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਤੇ ਪੰਜਾਬ ਆਬਜ਼ਰਵਰ ਚੇਤਨ ਚੌਹਾਨ ਮੌਜੂਦ ਸਨ। ਇਕ-ਇਕ ਵਿਧਾਨ ਸਭਾ ਸੀਟ ’ਤੇ ਚਰਚਾ ਕੀਤੀ ਗਈ ਅਤੇ ਕਮਜ਼ੋਰ ਸੀਟਾਂ ਸਬੰਧੀ ਵੱਖਰੇ ਤੌਰ ’ਤੇ ਇਕ ਸੂਚੀ ਬਣਾਈ ਗਈ। ਹੁਣ ਤਕ ਦੇ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿਚ ਇਕੱਲੇ ਦੁਆਬਾ ਖੇਤਰ ਵਿਚ ਹੀ ਲਗਭਗ ਇਕ ਦਰਜਨ ਕਮਜ਼ੋਰ ਸੀਟਾਂ ਹਨ, ਜਿਨ੍ਹਾਂ ’ਤੇ ਜਾਂ ਤਾਂ ਉਮੀਦਵਾਰ ਬਦਲੇ ਜਾ ਸਕਦੇ ਹਨ ਜਾਂ ਫਿਰ ਕੋਈ ਵੱਖਰੀ ਰਣਨੀਤੀ ਬਣਾਈ ਜਾ ਸਕਦੀ ਹੈ। 22 ਨਵੰਬਰ ਨੂੰ ਹੋਈ 15 ਆਰ. ਜੀ. ਦੀ ਇਸ ਬੈਠਕ ਵਿਚ ਦੁਆਬਾ, ਮਾਲਵਾ ਤੇ ਮਾਝਾ ਦੇ ਖੇਤਰਾਂ ’ਤੇ ਚਰਚਾ ਕੀਤੀ ਗਈ। ਵਰਣਨਯੋਗ ਹੈ ਕਿ ਕਾਂਗਰਸ ਪੰਜਾਬ ਵਿਚ ਜੋ ਸਰਵੇ ਕਰਵਾ ਰਹੀ ਹੈ, ਉਸ ਨੂੰ 4 ਹਿੱਸਿਆਂ ਵਿਚ ਵੰਡਿਆ ਗਿਆ ਹੈ। ਦੁਆਬਾ ਤੇ ਮਾਝਾ ਇਕ-ਇਕ ਅਤੇ ਮਾਲਵਾ 2 ਹਿੱਸਿਆਂ ਵਿਚ ਵੰਡਿਆ ਗਿਆ ਹੈ।

ਇਹ ਵੀ ਪੜ੍ਹੋ : ਕਰਤਾਰਪੁਰ 'ਚ ਔਰਤਾਂ ਅਤੇ ਹੁਸ਼ਿਆਰਪੁਰ ’ਚ ਐੱਸ. ਸੀ. ਭਾਈਚਾਰੇ ਦੇ ਰੂਬਰੂ ਹੋਣਗੇ ‘ਆਪ’ ਸੁਪਰੀਮੋਂ

ਇਹ ਸੀਟਾਂ ਹਨ ਕਮਜ਼ੋਰ
‘ਜਗ ਬਾਣੀ’ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ 22 ਨਵੰਬਰ ਨੂੰ 15 ਆਰ. ਜੀ. ਵਿਚ ਜੋ ਚਰਚਾ ਹੋਈ ਹੈ, ਉਸ ਵਿਚ ਲਗਭਗ ਇਕ ਦਰਜਨ ਸੀਟਾਂ ਕਮਜ਼ੋਰ ਵੇਖੀਆਂ ਗਈਆਂ ਹਨ। ਇਨ੍ਹਾਂ ਵਿਚ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਦੀਆਂ ਕੁਝ ਸੀਟਾਂ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਮੌਜੂਦਾ ਵਿਧਾਇਕਾਂ ਦੀ ਰਿਪੋਰਟ ਖਰਾਬ ਆ ਰਹੀ ਹੈ, ਜਦੋਂਕਿ ਇਕ-ਦੋ ਸੀਟਾਂ ’ਤੇ ਤਾਂ ਖੁਦ ਮੰਤਰੀ ਵੀ ਕੋਈ ਬਿਹਤਰ ਕਾਰਗੁਜ਼ਾਰੀ ਨਹੀਂ ਵਿਖਾ ਰਹੇ, ਜਿਸ ਨੂੰ ਵੇਖਦੇ ਹੋਏ ਪਾਰਟੀ ਹੁਣ ਅਗਲੇ ਸਰਵੇ ਵਿਚ ਇਨ੍ਹਾਂ ਸੀਟਾਂ ਨੂੰ ਕੇਂਦਰ ਵਿਚ ਰੱਖ ਕੇ ਚਰਚਾ ਕਰ ਰਹੀ ਹੈ। ਪਾਰਟੀ ਦਾ ਅਗਲਾ ਸਰਵੇ 15 ਦਿਨ ਚੱਲੇਗਾ। ਸੰਭਾਵਨਾ ਹੈ ਕਿ 20 ਤਰੀਕ ਦੇ ਨੇੜੇ ਇਸ ਦੀ ਰਿਪੋਰਟ ’ਤੇ 15 ਆਰ. ਜੀ. ’ਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ’ਚ ਅਗਲੀ ਸਰਕਾਰ ਅਕਾਲੀ ਦਲ-ਬਸਪਾ ਗਠਜੋੜ ਦੀ ਬਣੇਗੀ : ਪ੍ਰੋ. ਵਲਟੋਹਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News