ਗੰਦੇ ਪਾਣੀ ’ਚ ਡੁੱਬਿਆ ਬੀ.ਪੀ.ਈ.ਓ. ਦਫ਼ਤਰ
Friday, Jul 27, 2018 - 02:23 AM (IST)
ਨੂਰਪੁਰਬੇਦੀ (ਭੰਡਾਰੀ)- ਅੱਜ ਮੀਂਹ ਕਾਰਨ ਬੀ.ਪੀ.ਈ.ਓ. ਦਫ਼ਤਰ ਦੇਖਦੇ ਹੀ ਦੇਖਦੇ ਪਾਣੀ ’ਚ ਡੁੱਬ ਗਿਆ। ਇਸ ਦੌਰਾਨ ਅੱਜ ਆਰੰਭ ਹੋਏ ਪ੍ਰਾਇਮਰੀ ਅਧਿਆਪਕਾਂ ਦੇ 3 ਰੋਜ਼ਾ ਪਡ਼੍ਹੋ ਪੰਜਾਬ, ਪਡ਼੍ਹਾਓ ਪੰਜਾਬ ਦੇ ਸੈਮੀਨਾਰ ਦਾ ਪਹਿਲਾ ਦਿਨ ਵੀ ਮੀਂਹ ਦੀ ਭੇਟ ਚਡ਼੍ਹ ਗਿਆ। ਸੈਮੀਨਾਰ ਹਾਲ ’ਚ ਪਾਣੀ ਦਾਖਲ ਹੋਣ ਕਾਰਨ ਅਧਿਆਪਕਾਂ ’ਚ ਇਕਦਮ ਭਾਜੜ ਮਚ ਗਈ ਤੇ ਉਨ੍ਹਾਂ ਨੂੰ ਕੁਰਸੀਆਂ ’ਤੇ ਪੈਰ ਰੱਖ ਕੇ ਬੈਠਣ ਨੂੰ ਮਜਬੂਰ ਹੋਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਨਵੇਂ ਬਣੇ ਨੂਰਪੁਰਬੇਦੀ-ਗਡ਼੍ਹਸ਼ੰਕਰ ਮੁੱਖ ਮਾਰਗ ਦੇ ਨਾਲ-ਨਾਲ ਬਣਾਏ ਜਾ ਰਹੇ ਨਿਕਾਸੀ ਨਾਲੇ ਦੇ ਚੱਲ ਰਹੇ ਨਿਰਮਾਣ ਨੂੰ ਲੈ ਕੇ ਬੀ.ਪੀ.ਈ.ਓ. ਦਫ਼ਤਰ ਨੂੰ ਜਾਣ ਵਾਲੀ ਗਲੀ ਦੀਆਂ ਨਾਲੀਆਂ ਦੀ ਉਸਾਰੀ ਕਾਮਿਆਂ ਵੱਲੋਂ ਨਿਕਾਸੀ ਰੋਕੀ ਗਈ ਸੀ, ਜਿਸ ਕਾਰਨ ਸੈਮੀਨਾਰ ਹਾਲ ਤੇ ਬੀ.ਪੀ.ਈ.ਓ. ਦਫ਼ਤਰ ’ਚ ਲਬਾਲਬ ਪਾਣੀ ਭਰ ਗਿਆ। ਇਸ ਦੌਰਾਨ ਉਕਤ ਦਫ਼ਤਰ ਦੇ ਨਾਲ ਹੀ ਰਹਿੰਦੀ ਇਕ ਬਜ਼ੁਰਗ ਮਹਿਲਾ ਅਧਿਆਪਕ ਨੇ ਵਰ੍ਹਦੇ ਮੀਂਹ ’ਚ ਅਧਿਆਪਕਾਂ ਤੇ ਸਟਾਫ਼ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਉਕਤ ਨਾਲੇ ਨੂੰ ਖੁੱਲ੍ਹਵਾਇਆ, ਜਿਸ ’ਤੇ ਕੁਝ ਘੰਟਿਆਂ ਬਾਅਦ ਪਾਣੀ ਨਿਕਲਣ ’ਤੇ ਸਭ ਨੇ ਸੁੱਖ ਦਾ ਸਾਹ ਲਿਆ।
